ਪ੍ਰਵਾਸੀ ਪੰਜਾਬੀਆਂ ਦੇ ਦਿਲਾਂ ਦੀਆਂ 'ਕੀ ਜਾਣੇ ਸਰਕਾਰ'?

 

 2014 ਵਰੇ ਦਾ, ਪੰਜਾਬ ਸਰਕਾਰ ਦਾ ਪ੍ਰਵਾਸੀ ਸੰਮੇਲਨ ਵੀ ਧੂੰਆਂ-ਧਾਰ ਪ੍ਰਚਾਰ ਨਾਲ ਸੰਪੰਨ ਹੋ ਗਿਆ ਹੈ। ਸਰਕਾਰ ਵੱਲੋਂ ਇਸ ਵਾਰ ਵੀ ਪ੍ਰਵਾਸੀ ਪੰਜਾਬੀਆਂ ਦੇ ਦਿਲ ਜਿੱਤਣ ਲਈ ਉਨਾਂ ਪ੍ਰਤੀ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਖੂਬ ਰੰਗਤ ਨਾਲ ਬਿਆਨ ਕੀਤਾ ਗਿਆ। ਇਸ ਸੰਮੇਲਨ ਵਿੱਚ ਬੈਠਣ ਲਈ ਸੁੰਦਰ ਮੰਡਪ ਤੇ ਵੰਨ ਸੁਵੰਨੇ ਭੋਜਨ ਵੀ ਪਰੋਸੇ ਗਏ। ਪੰਜਾਬ ਦੇ ਜੰਮੇ ਜਾਏ ਪ੍ਰਵਾਸੀ ਜਿਨਾਂ ਵਿਚ ਰਾਜਨੀਤਿਕ ਤੇ ਹੋਰ ਵੀ ਵਿਚਾਰਵਾਨ ਸ਼ਾਮਲ ਸਨ, ਖੂਬ ਸਜ-ਧਜ ਕੇ ਇਨਾਂ ਪ੍ਰੋਗਰਾਮਾਂ ਦਾ ਹਿੱਸਾ ਬਣੇ। ਕਈਆਂ ਨੂੰ ਬੋਲਣ ਲਈ ਸਮਾਂ ਮਿਲਿਆ ਵੀ ਤੇ ਕਈ ਆਪਣੇ ਮਨਾਂ ਦੀ ਭੜਾਸ ਕੱਢਣੋਂ ਵਾਂਝੇ ਵੀ ਰਹੇ। ਪੰਜਾਬ ਸਰਕਾਰ ਦੇ ਬਿਆਨ ਲਿਖਤੀ ਰੂਪ 'ਚ ਸਾਡੇ ਕੋਲ ਵੀ ਪਹੁੰਚੇ ਹਨ। ਜਿਨਾਂ ਵਿਚ ਸਰਕਾਰ ਦੀਆਂ ਪ੍ਰਾਪਤੀਆਂ ਦੀ ਚਮਕ ਦਮਕ ਹੀ ਨਜ਼ਰ ਆਉਂਦੀ ਹੈ। ਕਮੀ-ਪੇਸ਼ੀ ਤਾਂ ਭਾਲਿਆਂ ਵੀ ਨਹੀਂ ਲੱਭਦੀ। ਵੱਡੀ ਸਰਕਾਰ ਮੁੱਖ ਮੰਤਰੀ ਪੰਜਾਬ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਬਾਹਰ ਬੈਠੇ ਪੰਜਾਬੀਆਂ ਨੂੰ ਸੰਦੇਸ਼ ਦਿੱਤਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਵਿਰਸੇ ਨਾਲ ਜੋੜਨ। ਸ੍ਰ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਨੇ ਸੂਬੇ ਦੀ ਤਰੱਕੀ ਦਾ ਬਿਗਲ ਵਜਾਉਂਦਿਆਂ ਕਿਹਾ ਕਿ ਸਾਡੀ ਸਰਕਾਰ ਬਾਹਰ ਬੈਠੇ ਪੰਜਾਬੀਆਂ ਲਈ ਫਿਕਰਮੰਦ ਵੀ ਆ ਤੇ ਗੰਭੀਰ ਵੀ। ਅਸੀਂ ਐਨ.ਆਰ.ਆਈ. ਥਾਣੇ ਸਥਾਪਤ ਕਰ ਦਿੱਤੇ ਹਨ। ਤੁਹਾਡੀਆਂ ਸਮੱਸਿਆਵਾਂ ਚੁਟਕੀ ਨਾਲ ਹੱਲ ਹੋਣਗੀਆਂ। ਇੰਟਰਨੈਟ ਦੀ 4ਜੀ ਪ੍ਰਣਾਲੀ 8 ਮਹੀਨਿਆਂ ਵਿਚ ਆਉਣ ਨਾਲ ਪੰਜਾਬ ਦੀ ਕਾਇਆ ਕਲਪ ਹੋ ਜਾਵੇਗੀ। 4 ਤੋਂ 6 ਲਾਈਨਾਂ ਦੀਆਂ ਸੜਕਾਂ ਸ਼ੀਸ਼ੇ ਵਾਂਗ ਚਮਕਦੀਆਂ ਜਲਦੀ ਹੀ ਨਜ਼ਰ ਆਉਣਗੀਆਂ। ਤੁਸੀਂ ਆਪਣੇ ਬੱÎਚਿਆਂ ਨੂੰ ਪੰਜਾਬ ਲਿਆਇਆ ਕਰੋ। ਵੱਡੇ ਸਾਹਿਬ ਪੋਲੇ ਪੋਲੇ ਬੁੱਲਾਂ ਨਾਲ ਐਨ.ਆਰ.ਆਈਜ਼ ਨੂੰ ਸਹੂਲਤਾਂ ਦੇ ਨਾਲ ਉਸ ਤੋਂ ਅੱਗੇ ਵੀ ਸਹੂਲਤਾਂ ਲਈ ਕੁਝ ਬਣਾਉਣ ਦੀ ਗੱਲ ਆਖ ਦਿੱਤੀ। ਭਾਵੇਂ ਪਿਛਲੇ ਪ੍ਰਵਾਸੀ ਸੰਮੇਲਨ ਦੌਰਾਨ ਉਨਾਂ ਸੀਨੀਅਰ ਵਜ਼ੀਰ ਸ੍ਰ. ਬਿਕਰਮ ਸਿੰਘ ਮਜੀਠੀਆ ਬਾਰੇ ਬਿਆਨ ਦੇ ਕੇ ਕਈਆਂ ਨੂੰ ਕੰਬਣੀਆਂ ਛੇੜ ਦਿੱਤੀਆਂ ਸਨ। ਪਰ ਇਸ ਵਾਰ ਇਕ ਸਾਬਕਾ ਕੇਂਦਰੀ ਮੰਤਰੀ ਜੋ ਹੁਣ ਮੁਹਰਲੀ ਕਤਾਰ ਦਾ ਅਕਾਲੀ ਲੀਡਰ ਹੈ, ਬਾਰੇ ਨਹਿਲੇ ਤੇ ਦਹਿਲਾ ਕੱਢ ਮਾਰਿਆ। ਉਂਝ ਵੀ ਵੱਡੇ ਬਾਬੇ ਗੱਲ ਮੋਨ ਜਿਹੀ ਕਰਕੇ ਸਭ ਨੂੰ ਟਿਕਾ ਦੇਣ ਦੀ ਸਮਰੱਥਾ ਰੱਖਦੇ ਹਨ। ਸਾਰੀ ਉਮਰ ਤਾਂ ਉਸ ਸਿਆਸਤ ਲੇਖੇ ਲਾ ਦਿੱਤੀ। ਜਦੋਂ ਉਹਨਾਂ ਸਿਆਸਤ ਵਿੱਚ ਪਿੰਡ ਦੀ ਸਰਪੰਚੀ ਵਿੱਚ ਪੈਰ ਰੱਖਿਆ, ਉਦੋਂ ਹੁਣ ਦੇ ਅਤਿ ਬਜ਼ੁਰਗ ਵੀ ਚੜਦੀ ਜਵਾਨੀ 'ਚ ਸਨ। ਜਿਹੜੇ ਹੁਣ ਜਵਾਨੀਆਂ ਮਾਣ ਰਹੇ ਆ ਉਹ ਤਾਂ ਸ਼ਾਇਦ ਉਦੋਂ ਜੰਮੇ ਵੀ ਨਹੀਂ ਸਨ। ਸ੍ਰ. ਪ੍ਰਕਾਸ਼ ਸਿੰਘ ਬਾਦਲ ਦਾ ਸਿਆਸੀ ਕੱਦ ਬੜਾ ਉਚਾ ਹੈ। ਇਹ ਗੱਲ ਦੇਸ਼ ਦੇ ਵੱਡੇ ਕੱਦ ਦੇ ਸਿਆਸੀ ਲੋਕ ਤੇ ਹਮਾਤੜ ਤੁਮਾਤੜ ਵੀ ਬਾਖੂਬੀ ਜਾਣਦੇ ਹਨ। ਪਰ ਪੰਜਾਬ ਦੀ ਮਾਣਯੋਗ ਸਰਕਾਰ ਦੇ ਚਰਨਾਂ ਵਿਚ ਬੇਨਤੀ ਤਾਂ ਇਹ ਹੈ ਕਿ ਪ੍ਰਵਾਸੀਆਂ ਦੀ ਬਾਂਹ ਇਮਾਨਦਾਰੀ ਨਾਲ ਫੜਕੇ ਉਨਾਂ ਦੇ ਮਸਲੇ ਚੁਟਕੀਆਂ ਨਾਲ ਹੱਲ ਕਰਾਏ। ਕਾਨੂੰਨ ਦੀਆਂ ਪੇਚੀਦਗੀਆਂ, ਕੋਰਟਾਂ-ਕਚਿਹਰੀਆਂ, ਤੇ ਪੁਲਿਸ ਸਿਸਟਮ ਤੇ ਹੋਰ ਸਰਕਾਰੀ ਕਾਰਜ ਪ੍ਰਣਾਲੀਆਂ ਤੋਂ ਪ੍ਰਵਾਸੀ ਪੰਜਾਬੀ ਅੰਕੇ ਹੀ ਨਹੀਂ ਥੱਕੇ ਵੀ ਪਏ ਆ। ਵਿੰਗ-ਵਲ ਵਾਲੀਆਂ ਗੱਲਾਂ ਬਾਹਰਲੇ ਪੰਜਾਬੀ ਹੁਣ ਨਾ ਸੁਣ ਕੇ ਖੁਸ਼ ਹਨ, ਨਾ ਹੀ ਉਹ ਯਕੀਨ ਕਰਦੇ ਹਨ। ਉਨਾਂ ਕੋਲੋਂ ਕਿੰਨਾ ਕੁ ਸਮਾਂ ਹੁੰਦਾ ਆ ਕਿ ਉਹ ਆਪਣੇ ਮਸਲੇ ਪੰਜਾਬ ਰਹਿ ਕੇ, ਠਹਿਰ ਕੇ ਹੱਲ ਕਰਵਾ ਸਕਣ। ਪੰਜਾਬ 'ਚ ਬਾਹਰੋਂ ਆਇਆਂ ਦੀ ਛਿੱਲ ਲਾਹੁਣ ਲਈ ਉਨਾਂ ਦੇ ਆਪਣੇ ਹੀ ਨਹੀਂ ਸਰਕਾਰ ਦਰਬਾਰੇ ਹੋਰ ਵੀ ਬਹੁਤ ਬੈਠੇ ਆ। ਬਹੁਤ ਲੋਕਾਂ ਦਾ ਇਨਾਂ ਸੰਮੇਲਨਾਂ 'ਚ ਸਿੱਧੇ ਸ਼ਾਮਲ ਹੋਣਾ ਵੀ ਵਿੱਤੀ ਖਰਚਿਆਂ ਤੇ ਇਥੋਂ ਦੇ ਕੰਮਾਂ ਕਾਰਾਂ ਦੀਆਂ ਮਜ਼ਬੂਰੀਆਂ ਕਰਕੇ ਵੀ ਔਖਾ ਆ। ਸਾਰੇ ਮੀਡੀਆ ਵਾਲੇ ਵੀ ਪੱਲਿਓਂ ਖਰਚ ਕਰਕੇ ਇਨਾਂ ਐਨ ਆਰ ਆਈ ਸੰਮੇਲਨਾਂ ਵਿੱਚ ਭਾਗ ਲੈਣੋਂ ਅਸਮਰੱਥ ਹਨ ਕਿਉਂਕਿ ਅਖ਼ਬਾਰਾਂ ਦੇ ਮਾਲਕ ਵੀ ਉਨਾਂ ਲਈ ਟਿਕਟਾਂ ਵਗੈਰਾ ਦਾ ਪ੍ਰਬੰਧ ਕਰਨ ਤੋਂ ਕੰਨੀ ਕਤਰਾਉਂਦੇ ਹਨ। ਉਨਾਂ ਦੀਆਂ ਵੀ ਕਈ ਮਜ਼ਬੂਰੀਆਂ ਹਨ। ਹੁਣ ਸੱਚੀ ਗੱਲ ਤਾਂ ਇਹ ਹੈ ਕਿ ਪੰਜਾਬੋਂ ਬਾਹਰ ਵਸਦੇ ਪੰਜਾਬੀ ਆਪਣੇ ਵਿਰਸੇ ਤੋਂ ਦੂਰ ਨਹੀਂ ਰਹਿਣਾ ਚਾਹੁੰਦੇ ਪਰ ਅਸਲੀਅਤ ਇਹ ਵੀ ਹੈ ਕਿ ਜਿਨਾਂ ਮੁਲਕਾਂ 'ਚ ਅਸੀਂ ਕਮਾਈ ਕਰਨ ਆਏ ਹਾਂ ਉਨਾਂ ਮੁਲਕਾਂ ਦਾ ਸੱਭਿਆਚਾਰ ਸਾਡੇ ਬੱਚਿਆਂ ਤੇ ਭਾਰੂ ਹੋ ਨਹੀਂ ਰਿਹਾ ਬਲਕਿ ਹੋ ਚੁੱਕਾ ਹੈ। ਅਸੀਂ ਖੱਟਣ ਦੇ ਨਾਲ-ਨਾਲ ਬਹੁਤ ਕੁਝ ਗਵਾ ਵੀ ਰਹੇ ਹਾਂ। ਬਾਕੀ ਅਸੀਂ ਤਾਂ ਪੰਜਾਬ ਦੀ ਬਾਦਲ ਸਰਕਾਰ ਨੂੰ ਅਰਜੋਈ ਕਰਦੇ ਹਾਂ ਕਿ ਤੁਹਾਡੀ ਸਰਕਾਰ ਪ੍ਰਵਾਸੀਆਂ ਲਈ ਜੋ ਵੀ ਯੋਗ ਯਤਨ ਕਰੇ, ਸਹਿਰਦ ਹੋ ਕੇ ਕਰੇ। ਫੋਕੇ ਬਿਆਨਾਂ ਨੇ ਪੰਜਾਬ ਦਾ ਤੇ ਪੰਜਾਬੀਆਂ ਦਾ ਪਹਿਲਾਂ ਹੀ ਕਾਫੀ ਝੁੱਗਾ ਚੌੜ ਕੀਤਾ ਹੈ। ਤੁਹਾਨੂੰ ਸਾਡੇ ਨੇੜੇ ਹੋਣ ਦੀ ਜ਼ਰੂਰਤ ਹੈ। ਅਸੀਂ ਆਪਣੇ ਆਪ ਹੀ ਸਰਕਾਰ ਦੀ ਇਮਾਨਦਾਰੀ ਦੇਖਦਿਆਂ ਨੇੜੇ ਨੂੰ ਆਵਾਂਗੇ। ਬਾਕੀ ਸਾਨੂੰ ਸਾਡਾ ਘੱਟ ਪੰਜਾਬ ਦਾ ਫਿਕਰ ਜ਼ਿਆਦਾ ਹੈ ਬਾਦਲ ਸਾਹਿਬ। ਪੰਜਾਬ ਵਸਦਾ ਰਹੇ, ਖੁਸ਼ਹਾਲ ਰਹੇ।            (ਰਛਪਾਲ ਸਿੰਘ ਗਿੱਲ)

 

ਸਿੱਖ ਕਤਲੇਆਮ ਤੇ ਸਿਆਸਤ

 

ਦਿੱਲੀ ਵਿਖੇ ਨਵੰਬਰ 1984 ਵਿੱਚ ਹੋਏ ਸਿੱਖ ਵਿਰੋਧੀ ਕਤਲੇਆਮ ਵਿੱਚ ਕੁਝ ਕਾਂਗਰਸੀਆਂ ਦੀ ਸ਼ਮੂਲੀਅਤ ਕਾਂਗਰਸ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਵੱਲੋਂ ਤਸਲੀਮ ਕਰ ਲਏ ਜਾਣ ਬਾਅਦ ਵਿਰੋਧੀ ਪਾਰਟੀਆਂ ਨੇ ਇਸ ਮੁੱਦੇ 'ਤੇ ਸਿਆਸੀ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੱਤੀਆਂ ਹਨ।ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਮੇਤ ਕਈ ਸਿੱਖ ਜਥੇਬੰਦੀਆਂ ਨੇ ਰਾਹੁਲ ਗਾਂਧੀ ਦੇ ਬਿਆਨ 'ਤੇ ਟਿੱਪਣੀ ਕਰਦਿਆਂ ਇਨਾਂ ਕਤਲੇਆਮ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ ਲਈ ਕਾਂਗਰਸ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਸ ਦਾ ਬਾਈਕਾਟ ਕਰਨ ਲਈ ਕਿਹਾ ਹੈ।ਦੂਜੇ ਪਾਸੇ ਇਨਾਂ ਨੇ ਰਾਹੁਲ ਗਾਂਧੀ ਵੱਲੋਂ 2002 ਵਿੱਚ ਹੋਏ ਮੁਸਲਿਮ ਵਿਰੋਧੀ ਕਤਲੇਆਮ ਵਿੱਚ ਗੁਜਰਾਤ ਸਰਕਾਰ ਦੀ ਭੂਮਿਕਾ ਸਬੰਧੀ ਕੀਤੀ ਗਈ ਟਿੱਪਣੀ ਨੂੰ ਦਰਕਿਨਾਰ ਕਰਦਿਆਂ ਗੁਜਰਾਤ ਦੀ ਮੋਦੀ ਸਰਕਾਰ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਹੈ।ਦਿੱਲੀ ਅਤੇ ਗੁਜਰਾਤ ਦੇ ਕਤਲੇਆਮ ਸਬੰਧੀ ਰਾਹੁਲ ਗਾਂਧੀ ਦਾ ਬਿਆਨ ਅਤੇ ਵਿਰੋਧੀ ਸਿਆਸੀ ਪਾਰਟੀਆਂ ਦੇ ਪ੍ਰਤੀਕਰਮ ਵਿੱਚੋਂ ਪੀੜਤਾਂ ਪ੍ਰਤੀ ਹਮਦਰਦੀ ਦੀ ਥਾਂ ਬੋਅ ਮਾਰਦੀ ਵੋਟ ਰਾਜਨੀਤੀ ਨਜ਼ਰ ਆ ਰਹੀ ਹੈ। ਦੋਵਾਂ ਧਿਰਾਂ ਵੱਲੋਂ ਇਨਾਂ ਕਤਲੇਆਮ ਨੂੰ ਆਪੋ- ਆਪਣੇ ਸਿਆਸੀ ਨਜ਼ਰੀਏ ਤੋਂ ਵੇਖਦਿਆਂ ਕੀਤੀ ਜਾ ਰਹੀ ਬਿਆਨਬਾਜ਼ੀ ਤੋਂ ਇਨਾਂ ਵੱਲੋਂ ਅਪਨਾਏ ਜਾ ਰਹੇ ਦੂਹਰੇ ਮਾਪਦੰਡ ਸਪਸ਼ਟ ਵਿਖਾਈ ਦੇ ਰਹੇ ਹਨ ਜਿਸ ਵਿੱਚੋਂ ਪੀੜਤਾਂ ਨਾਲ ਹਮਦਰਦੀ  ਤੇ ਇਨਸਾਫ਼ ਦੀ ਭਾਵਨਾ ਗਾਇਬ ਹੈ। ਜੱਗ-ਜ਼ਾਹਰ ਹੈ ਕਿ ਦਿੱਲੀ ਕਤਲੇਆਮ ਨੂੰ ਤਿੰਨ ਅਤੇ ਗੁਜਰਾਤ ਕਤਲੇਆਮ ਨੂੰ ਇੱਕ ਦਹਾਕਾ ਬੀਤ ਗਿਆ ਹੈ ਪਰ ਹਾਲੇ ਤਕ ਨਾ ਪੀੜਤਾਂ ਦਾ ਪੁਨਰਵਸੇਬਾ ਹੋਇਆ ਹੈ ਅਤੇ ਨਾ ਹੀ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਉਨਾਂ ਨੂੰ ਇਨਸਾਫ਼ ਦਿੱਤਾ ਜਾ ਸਕਿਆ ਹੈ। ਇਸ ਸਥਿਤੀ ਨੇ ਮੁਲਕ ਦੀ ਸੌੜੀ ਸਿਆਸਤ ਦੇ ਨਾਲ-ਨਾਲ ਇਨਸਾਫ਼ ਦੇ ਮੰਦਰਾਂ ਉੱਤੇ ਵੀ ਪ੍ਰਸ਼ਨਚਿੰਨ ਲਗਾ ਦਿੱਤਾ ਹੈ। ਦਿੱਲੀ ਕਤਲੇਆਮ ਦੀ ਜਾਂਚ ਲਈ ਕਈ ਕਮਿਸ਼ਨ ਬਣੇ ਅਤੇ ਕੇਂਦਰ ਵਿੱਚ ਕਾਂਗਰਸ ਤੋਂ ਇਲਾਵਾ ਖੱਬੇ-ਸੱਜੇ ਸਾਂਝੇ ਮੋਰਚੇ ਅਤੇ ਭਾਜਪਾ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸ਼ਮੂਲੀਅਤ ਵਾਲੀਆਂ ਸਰਕਾਰਾਂ ਵੀ ਬਣੀਆਂ ਪਰ ਕਿਸੇ ਨੇ ਵੀ ਹਾਲੇ ਤਕ ਨਾ ਪੀੜਤਾਂ ਨੂੰ ਇਨਸਾਫ਼ ਮੁਹੱਈਆ ਕਰਵਾਇਆ ਤੇ ਨਾ ਹੀ ਉਨਾਂ ਦਾ ਲੋੜੀਂਦਾ ਪੁਨਰਵਸੇਬਾ ਕੀਤਾ  ਹੈ। ਇਸ ਦੇ ਉਲਟ, ਹਰ ਵਾਰ ਚੋਣਾਂ ਸਮੇਂ ਇਨਾਂ ਪਾਰਟੀਆਂ ਵੱਲੋਂ ਸਿੱਖਾਂ ਅਤੇ ਮੁਸਲਮਾਨਾਂ ਦੀਆਂ ਵੋਟਾਂ ਬਟੋਰਨ ਲਈ ਇਨਾਂ ਮੁੱਦਿਆਂ ਨੂੰ ਮੁੜ ਉਛਾਲ ਕੇ ਪੀੜਤਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦੀ ਕੋਝੀ ਹਰਕਤ ਕੀਤੀ ਜਾ ਰਹੀ ਹੈ। ਕਾਂਗਰਸ ਦੇ ਪ੍ਰਮੁੱਖ ਨੇਤਾਵਾਂ ਸੋਨੀਆ ਗਾਂਧੀ ਅਤੇ ਮਨਮੋਹਨ ਸਿੰਘ ਵੱਲੋਂ ਸੰਨ 1984 ਦੇ ਕਤਲੇਆਮ ਪ੍ਰਤੀ ਭਾਵੇਂ ਮੁਆਫ਼ੀ ਮੰਗੀ ਜਾ ਚੁੱਕੀ ਹੈ ਪਰ ਇਨਾਂ ਕਤਲੇਆਮ ਵਿੱਚ ਸ਼ਾਮਲ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਲਗਾਤਾਰ ਬਚਾਉਣ ਦੀ ਜ਼ਿੰਮੇਵਾਰੀ ਤੋਂ ਉਹ ਭੱਜ ਨਹੀਂ ਸਕਦੇ। ਦੂਜੇ ਪਾਸੇ ਗੁਜਰਾਤ ਦੀ ਮੋਦੀ ਸਰਕਾਰ ਵੀ ਸਾਲ 2002 ਦੇ ਮੁਸਲਿਮ ਵਿਰੋਧੀ ਕਤਲੇਆਮ ਵਿੱਚ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਨਹੀਂ ਝਾੜ ਸਕਦੀ। ਜੇ ਸਮੇਂ ਦੀਆਂ ਸਰਕਾਰਾਂ ਅਤੇ ਸਿਆਸੀ ਪਾਰਟੀਆਂ ਨੇ ਦੋਸ਼ੀਆਂ ਦੀ ਪੁਸ਼ਤਪਨਾਹੀ ਨਾ ਕੀਤੀ ਹੁੰਦੀ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲ ਜਾਂਦੀਆਂ ਤਾਂ 1984 ਤੋਂ ਬਾਅਦ 1993 ਵਿੱਚ ਮੁੰਬਈ, 2002 ਵਿੱਚ ਗੁਜਰਾਤ ਅਤੇ ਹੁਣ 2013 ਵਿੱਚ ਮੁਜੱਫ਼ਰਨਗਰ ਵਿੱਚ ਹੋਏ ਕਤਲੇਆਮ ਤੋਂ ਬਚਿਆ ਜਾ ਸਕਦਾ ਸੀ। ਸਿਆਸੀ ਪਾਰਟੀਆਂ ਪੀੜਤਾਂ ਦੇ ਪੁਨਰਵਸੇਬੇ, ਉਨਾਂ ਨੂੰ ਇਨਸਾਫ਼ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਦੀ ਥਾਂ ਇਨਾਂ ਫ਼ਿਰਕਿਆਂ ਨੂੰ ਚੋਣਾਂ ਸਮੇਂ ਭਾਵੁਕ ਕਰ ਕੇ ਵੋਟਾਂ ਬਟੋਰਨ ਦੇ ਰਾਹ ਤੁਰ ਪਈਆਂ ਹਨ। ਪਾਰਟੀਆਂ ਦਾ ਇਹ ਰਾਜਨੀਤਕ ਵਰਤਾਰਾ ਘਿਨਾਉਣਾ ਅਤੇ ਨਿੰਦਣਯੋਗ ਹੈ। ਸਿਆਸੀ ਨੇਤਾਵਾਂ ਨੂੰ ਕਤਲੇਆਮ ਜਿਹੇ ਨਾਜ਼ੁਕ ਅਤੇ ਭਾਵਨਾਤਮਕ ਮੁੱਦਿਆਂ ਉੱਤੇ ਸਿਆਸਤ ਕਰਨ ਦੀ ਬਜਾਏ ਇਨਾਂ ਨੂੰ ਨਿਰਪੱਖ ਰਾਜਨੀਤਕ ਨਜ਼ਰੀਏ ਤੋਂ ਵੇਖਦੇ ਹੋਏ ਗ਼ਲਤੀਆਂ ਨੂੰ ਖੁੱਲਦਿਲੀ ਨਾਲ ਸਵੀਕਾਰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਭਵਿੱਖ ਵਿੱਚ ਅਜਿਹੇ ਭਿਆਨਕ ਕਾਂਡਾਂ ਦੇ ਵਾਪਰਨ ਤੋਂ ਬਚਣ ਲਈ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਯਕੀਨੀ ਬਣਾਉਣ ਦੇ ਨਾਲ-ਨਾਲ ਦੰਗਾਕਾਰੀਆਂ ਦੀ ਪੁਸ਼ਤਪਨਾਹੀ ਵੀ ਬੰਦ ਹੋਣੀ ਚਾਹੀਦੀ ਹੈ। ਸਿਆਸੀ ਪਾਰਟੀਆਂ ਨੂੰ ਇਹ ਗੱਲ ਸਮਝਣ ਦੀ ਜ਼ਰੂਰਤ ਹੈ ਕਿ ਮਨੁੱਖਤਾ ਵਿਰੋਧੀ ਦੰਗੇ ਦੇਸ਼ ਲਈ ਸ਼ਰਮਨਾਕ ਅਤੇ ਸ਼ਰਮਿੰਦਗੀ ਵਾਲੇ ਹੋਣ ਦੇ ਨਾਲ-ਨਾਲ ਘਾਤਕ ਵੀ ਹਨ। ਚੋਣਾਂ ਸਮੇਂ ਕਤਲੇਆਮ ਦੇ ਮੁੱਦੇ ਦੇ ਪੰਜ ਵੋਟਾਂ ਬਟੋਰਨ ਦੀ ਰਾਜਨੀਤੀ ਦੀ ਥਾਂ ਪੀੜਤਾਂ ਦੇ ਜ਼ਖ਼ਮਾਂ ਉੱਤੇ ਮੱਲਮ ਲਾਉਣ ਅਤੇ ਉਨਾਂ ਨੂੰ ਇਨਸਾਫ਼ ਦੇਣ ਦੀ ਗੱਲ ਕਰਨੀ ਚਾਹੀਦੀ ਹੈ। ਕਾਂਗਰਸ ਅਤੇ ਭਾਜਪਾ ਤੋਂ ਤਾਂ ਅਜਿਹੀ ਆਸ ਘੱਟ ਹੀ ਲੱਗਦੀ ਹੈ ਪਰ ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 1984 ਦੇ ਕਤਲੇਆਮ ਸਬੰਧੀ ਵਿਸ਼ੇਸ਼ ਜਾਂਚ ਟੀਮ ਬਣਾਉਣ ਦੇ ਐਲਾਨ ਨਾਲ 30 ਸਾਲਾਂ ਤੋਂ ਭਟਕਦੇ ਪੀੜਤਾਂ ਨੂੰ ਇਨਸਾਫ਼ ਦੀ ਕਿਰਨ ਦਿਖਾਈ ਦਿੱਤੀ ਹੈ।

 

ਗੋਰੇ ਹੋਣ ਵਾਲੀਆਂ ਕਰੀਮਾਂ ਤੋਂ ਜ਼ਰਾ ਬਚ ਕੇ

 

ਭਾਰਤੀਆਂ ਨੂੰ ਗੋਰੇ ਹੋਣ ਦਾ ਏਨਾ ਚਾਅ ਹੈ ਕਿ ਪੁੱਛੋ ਨਾ। ਗੱਲ ਦਰਅਸਲ ਅਸੰਤੁਸ਼ਟੀ ਦੀ ਹੈ ਕਿਉਂਕਿ ਗੋਰੀਆਂ ਮੇਮਾਂ ਕਾਲੇ ਰੰਗ ਪਿੱਛੇ ਪਾਗਲ ਹਨ। ਉਸ ਵਾਸਤੇ ਉਹ ਧੁੱਪੇ ਲੇਟ ਕੇ ਰੰਗ ਕਾਲਾ (ਟੈਨਿੰਗ) ਕਰਦੀਆਂ ਫਿਰਦੀਆਂ ਹਨ ਤੇ ਚਮੜੀ ਦੇ ਕੈਂਸਰ ਵਰਗੇ ਰੋਗ ਸਹੇੜ ਰਹੀਆਂ ਹਨ। ਮੈਲਾਨਿਨ ਧੁੱਪ ਦਾ ਅਸਰ ਘਟਾ ਕੇ ਕੈਂਸਰ ਹੋਣ ਦਾ ਖ਼ਤਰਾ ਘਟਾ ਦਿੰਦੀ ਹੈ ਸੋ ਕਾਲੇ ਰੰਗ ਵਾਲੇ ਸੁਰੱਖਿਅਤ ਹਨ। ਪਰ ਗੋਰੇ ਇਹ ਸਮਝਦੇ ਨਹੀਂ ਅਤੇ ਸਿਰਫ ਰੰਗ ਕਾਲਾ ਕਰਨ ਦੇ ਚੱਕਰ ਵਿਚ ਬੀਮਾਰ ਹੋ ਜਾਂਦੇ ਹਨ। 
ਚਮੜੀ ਦਾ ਰੰਗ ਮੈਲਾਨਿਨ ਪਿਗਮੈਂਟ ਦੀ ਮਾਤਰਾ ਤੈਅ ਕਰਦੀ ਹੈ ਕਿ ਕੋਈ ਕਿੰਨਾ ਗੋਰਾ ਹੋਵੇਗਾ ਜਾਂ ਕਾਲਾ। ਵੱਧ ਮੈਲਾਨਿਨ ਹੋਵੇ ਤਾਂ ਬੰਦਾ ਜ਼ਿਆਦਾ ਕਾਲਾ ਦਿਸਦਾ ਹੈ। ਘੱਟ ਹੋਵੇ ਤਾਂ ਧੁੱਪ ਦੇ ਅਸਰ ਹੇਠ ਅਜਿਹੀ ਚਮੜੀ ਵਿਚ ਤਿਲ ਜ਼ਿਆਦਾ ਦਿਸਣ ਲੱਗ ਪੈਂਦੇ ਹਨ ਜੋ ਮੈਲਾਨਿਨ ਦੇ ਨਿੱਕੇ ਨਿੱਕੇ ਇੱਕਠੇ ਹੋਏ ਢੇਰ ਹੀ ਹੁੰਦੇ ਹਨ।
ਲੈਬੋਰਟਰੀ ਵਿਚਲੀਆਂ ਖੋਜਾਂ ਰਾਹੀਂ ਇਹ ਸਿੱਧ ਹੋ ਚੁੱਕਿਆ ਕਿ ਪਾਰਾ ਜਾਂ ਮਰਕਰੀ ਮੈਲਨਿਨ ਘਟਾ ਦਿੰਦੀ ਹੈ। ਇਸ ਖੋਜ ਨੇ ਕੰਪਨੀਆਂ ਦੇ ਮਾਲਕਾਂ ਦੇ ਦਿਲ ਬਾਗ਼ ਬਾਗ਼ ਕਰ ਦਿੱਤੇ। ਉਨਾਂ ਨੇ ਪਾਰੇ ਦੇ ਮਾੜੇ ਅਸਰ ਜਾਣੇ ਬਗ਼ੈਰ ਮਾਰਕਿਟ ਵਿਚ ਗੋਰੇ ਹੋਣ ਦੀਆਂ ਕਰੀਮਾਂ ਦੇ ਭੰਡਾਰ ਸੁੱਟ ਦਿੱਤੇ ਜਿਨਾਂ ਵਿਚ ਮਰਕਰੀ ਜਾਂ ਪਾਰਾ ਸੀ। ਗੋਰੇ ਹੋਣ ਦੇ ਚਾਅ ਨੂੰ ਪਾਲਦੇ ਭਾਰਤੀ ਵੀ ਧੜਾਧੜ ਅਜਿਹੀਆਂ ਕਰੀਮਾਂ ਖਰੀਦਣ ਲੱਗ ਪਏ ਤੇ ਹੁਣ ਤੱਕ ਵੀ ਇਨਾਂ ਕਰੀਮਾਂ ਦੀ ਵਿਕਰੀ ਨੰਬਰ ਇਕ ਉੱਤੇ  ਹੈ!
ਜਦੋਂ ਪਾਰੇ ਦੇ ਮਾੜੇ ਅਸਰਾਂ ਵਾਲੇ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਤਾਂ ਇਸ ਬਾਰੇ ਖੋਜ ਆਰੰਭੀ ਗਈ ਕਿ ਆਖ਼ਰ ਕਾਰਣ ਕੀ ਹੈ? ਸੀ.ਐਸ.ਈ.ਸੈਂਟਰ ਯਾਨੀ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ (ਵਿਗਿਆਨ ਤੇ ਵਾਤਾਵਰਨ ਪ੍ਰਦੂਸ਼ਣ ਨਿਗਰਾਨੀ ਪ੍ਰਯੋਗਸ਼ਾਲਾ) ਦੇ ਤਾਜ਼ਾ ਅਧਿਐਨ ਵਿਚ 44 ਫੀਸਦੀ ਰੰਗ ਗੋਰਾ ਕਰਨ ਵਾਲੀਆਂ ਕਰੀਮਾਂ ਵਿਚ ਪਾਰਾ ਮਿਲਿਆ, 60 ਫੀਸਦੀ ਲਿਪਸਟਿਕਾਂ ਵਿਚ ਕ੍ਰੋਮੀਅਮ ਤੇ 43 ਫੀਸਦੀ ਵਿਚ ਨਿੱਕਲ ਲੱਭਿਆ। ਉਮਰ ਘਟਾਉਣ ਵਾਲੀਆਂ ਕੁੱਝ ਕਰੀਮਾਂ ਵਿਚ ਸੀਸਾ, ਕੈਡਮੀਅਮ, ਤੇ ਕ੍ਰੋਮੀਅਮ ਲੱਭਿਆ ਗਿਆ। ਚੇਤੇ ਰਹੇ ਕਿ ਕ੍ਰੋਮੀਅਮ ਤੇ ਨਿੱਕਲ ਕੈਂਸਰ ਕਰਦੇ ਹਨ।
ਗੋਰਾ ਕਰਨ ਵਾਲੀਆਂ ਕਰੀਮਾਂ ਵਿਚ 26 ਔਰਤਾਂ ਦੇ ਵਰਤੋਂ ਵਾਲੀਆਂ ਤੇ ਛੇ ਮਰਦਾਂ ਦੇ ਰੰਗ ਨਿਖਾਰਨ ਵਾਲੀਆਂ ਸਨ। ਇਨਾਂ ਵਿਚ ਦੇਸੀ, ਵਿਦੇਸੀ ਤੇ ਆਯੁਰਵੈਦਿਕ ਉਤਪਾਦ ਸ਼ਾਮਲ ਸਨ। ਇੱਥੋਂ ਹੀ ਸਾਰੀ ਗੱਲ ਸਾਹਮਣੇ ਆਈ ਕਿ ਚਮੜੀ ਰਾਹੀਂ ਪਾਰਾ ਧੜਾਧੜ ਸਰੀਰ ਅੰਦਰ ਪਹੁੰਚ ਰਿਹਾ ਹੈ। 
ਪਾਰਾ ਆਮਤੌਰ ਉੱਤੇ ਹਵਾ, ਪਾਣੀ ਤੇ ਮਿੱਟੀ ਵਿਚ ਹੁੰਦਾ ਹੈ। ਪਾਣੀ ਵਿੱਚੋਂ ਮੱਛੀ ਪਾਰਾ ਅੰਦਰ ਲੰਘਾ ਜਾਂਦੀ ਹੈ ਤੇ ਮੱਛੀ ਖਾਣ ਨਾਲ ਇਨਸਾਨੀ ਸਰੀਰ ਅੰਦਰ ਪਾਰਾ ਲੰਘ ਜਾਂਦਾ ਹੈ। ਕੋਲਾ ਬਾਲਣ ਨਾਲ ਵਾਤਾਵਰਨ ਵਿਚ ਪਾਰਾ ਪਹੁੰਚ ਜਾਂਦਾ ਹੈ। ਇਹੀ ਪਾਰਾ ਫੇਰ ਹਵਾ ਵਿੱਚੋਂ ਪਾਣੀ ਵਿਚ ਪਹੁੰਚਦਾ ਹੈ ਤੇ ਮਿੱਟੀ ਵਿਚ ਰਲਦੇ ਸਾਰ ਕੀਟਾਣੂ ਇਸਨੂੰ ਮੀਥਾਈਲ ਮਰਕਰੀ (ਹਾਣੀਕਾਰਕ) ਵਿਚ ਤਬਦੀਲ ਕਰ ਦਿੰਦੇ ਹਨ ਜੋ ਮੱਛੀ ਅੰਦਰ, ਸ਼ੈਲਫਿਸ਼ ਤੇ ਜਾਨਵਰਾਂ ਦੇ ਸਰੀਰ ਅੰਦਰ ਲੰਘ ਜਾਂਦੀ ਹੈ ਤੇ ਉਨਾਂ ਨੂੰ ਖਾਂਦੇ ਸਾਰ ਪਾਰਾ ਇਨਸਾਨੀ ਸਰੀਰ ਅੰਦਰ ਪਹੁੰਚ ਜਾਂਦਾ ਹੈ।
ਹਵਾ ਰਾਹੀਂ ਵੀ ਪਾਰਾ ਅੰਦਰ ਲੰਘ ਜਾਣ ਨਾਲ ਇਨਸਾਨੀ ਸਰੀਰ ਦਾ ਨੁਕਸਾਨ ਹੋ ਜਾਂਦਾ ਹੈ।
ਵਾਧੂ ਪਾਰਾ ਸਰੀਰ ਅੰਦਰ ਪਹੁੰਚ ਕੇ ਦਿਮਾਗ਼, ਦਿਲ, ਗੁਰਦੇ, ਫੇਫੜੇ ਤੇ ਬੀਮਾਰੀਆਂ ਨਾਲ ਲੜਨ ਵਾਲੇ ਸੈੱਲਾਂ ਦਾ ਨਾਸ ਮਾਰ ਦਿੰਦਾ ਹੈ। ਮਾਵਾਂ ਦੇ ਸਰੀਰ ਰਾਹੀਂ ਪਾਰਾ ਭਰੂਣ ਤਕ ਪਹੁੰਚ ਕੇ ਉਸਦੇ ਵਧਦੇ ਦਿਮਾਗ਼ ਨੂੰ ਚਟ ਕਰ ਕੇ ਉਸਦੀ ਸੋਚਣ ਸਮਝਣ ਦੀ ਤਾਕਤ ਤੇ ਯਾਦਸ਼ਕਤੀ ਘਟਾ ਦਿੰਦਾ ਹੈ। ਇਨਾਂ ਤੋਂ ਇਲਾਵਾ ਗਰਭ ਵਿਚ ਬੱਚੇ ਉੱਤੇ ਅਸਰ ਪੈ ਜਾਵੇ ਤਾਂ ਵੱਡੇ ਹੋ ਕੇ ਠੀਕ ਨਾ ਬੋਲ ਸਕਣਾ, ਬੋਲਣ ਲੱਗਿਆਂ ਅੜਨਾ, ਧਿਆਨ ਨਾ ਲਾ ਸਕਣਾ, ਹੱਥਾਂ ਪੈਰਾਂ ਦਾ ਕੰਬਣਾ ਵੀ ਹੋ ਸਕਦੇ ਹਨ। 
ਬੱਚੇ ਦਾ ਵਧਣਾ ਫੁੱਲਣਾ ਰੁਕ ਜਾਣਾ, ਗਰਭ ਨਾ ਠਹਿਰ ਸਕਣਾ, ਨਾਰਮਲ ਗੱਲ ਬਾਤ ਨਾ ਕਰ ਸਕਣਾ, ਆਦਿ ਵੀ ਮਾੜੇ ਅਸਰ ਲੱਭੇ ਗਏ ਹਨ।
ਨਜ਼ਰ ਘਟਣੀ, ਹੱਥਾਂ ਪੈਰਾਂ ਵਿਚ ਤੇ ਮੂੰਹ ਦੁਆਲੇ ਸੂਈਆਂ ਚੁਭਦੀਆਂ ਮਹਿਸੂਸ ਹੋਣੀਆਂ, ਬੇਲੋੜੇ ਹੱਥ ਪੈਰ ਹਿੱਲਣੇ, ਠੀਕ ਬੋਲ ਨਾ ਸਕਣਾ, ਸੁਣਨ ਸ਼ਕਤੀ ਘਟਣੀ, ਠੀਕ ਤੁਰਿਆ ਨਾ ਜਾਣਾ, ਪੱਠਿਆਂ ਦੀ ਕਮਜ਼ੋਰੀ, ਚਿੜਚਿੜਾਪਨ, ਘਬਰਾਹਟ, ਨੀਂਦਰ ਨਾ ਆਉਣੀ, ਇਕਦਮ ਲੜਨ ਲਗ ਪੈਣਾ ਤੇ ਇਕਦਮ ਪਰਾਂ ਹੋ ਕੇ ਲੁੱਕ ਜਾਣਾ, ਹੱਥ ਪੈਰ ਸੁੰਨ ਮਹਿਸੂਸ ਹੋਵੇ, ਵਾਲ ਝੜਨੇ, ਆਦਿ ਲੱਛਣ ਵੱਡਿਆਂ ਵਿਚ ਦਿਸਦੇ ਹਨ।
ਜੇ ਪਾਰੇ ਦੀ ਮਾਤਰਾ ਬਹੁਤ ਵੱਧ ਜਾਏ ਤਾਂ ਗੁਰਦੇ ਫੇਲ ਹੋ ਸਕਦੇ ਹਨ ਤੇ ਸਾਹ ਦਾ ਸੈਂਟਰ ਵੀ ਫੇਲ ਹੋ ਸਕਦਾ ਹੈ। ਅੰਤੜੀਆਂ ਖ਼ਰਾਬ ਹੋ ਜਾਂਦੀਆਂ ਹਨ ਤੇ ਦਿਮਾਗ਼ ਉੱਤੇ ਕਾਫ਼ੀ ਮਾੜਾ ਅਸਰ ਪੈ ਜਾਂਦਾ ਹੈ। ਚਮੜੀ ਉੱਤੇ ਦਾਣੇ ਤੇ ਡਰਮਾਟਾਈਟਿਸ ਵੀ ਹੋ ਸਕਦਾ ਹੈ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਸੰਨ 2012 ਵਿਚ ਸਪਸ਼ਟ ਕਰ ਦਿੱਤਾ ਸੀ ਕਿ ਚਮੜੀ ਦੀਆਂ ਕਰੀਮਾਂ ਰਾਹੀਂ ਸਰੀਰ ਅੰਦਰ ਲੰਘ ਰਿਹਾ ਪਾਰਾ ਕਹਿਰ ਢਾਅ ਰਿਹਾ ਹੈ। ਸਿਰਫ਼ ਕਰੀਮਾਂ ਰਾਹੀਂ ਹੀ ਨਹੀਂ ਬਲਕਿ ਰੰਗ ਨਿਖਾਰਨ ਵਾਲੇ ਸਾਬਣ, ਅੱਖਾਂ ਉੱਤੇ ਲਾਉਣ ਵਾਲੀਆਂ ਪੈਨਸਿਲਾਂ ਤੇ ਹੋਰ ਸ਼ੇਡ, ਮੂੰਹ ਸਾਫ ਕਰਨ ਵਾਲੇ 'ਕਲੀਨਜ਼ਿੰਗ ਪ੍ਰੋਡਕਟਸ' ਰਾਹੀਂ ਵੀ ਪਾਰਾ ਧੜਾਧੜ ਸਰੀਰ ਅੰਦਰ ਪਹੁੰਚ ਕੇ ਗੁਰਦੇ ਤੇ ਦਿਮਾਗ਼ ਦਾ ਨਾਸ ਮਾਰ ਰਿਹਾ ਹੈ।
ਚਮੜੀ ਦੇ ਮਾਹਿਰਾਂ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਕਈ ਵਾਰ ਰੰਗ ਸਾਫ਼ ਕਰਨ ਵਾਲੀਆਂ ਕਰੀਮਾਂ ਨੂੰ ਛੱਡਣ ਨਾਲ ਦੁਬਾਰਾ ਪਹਿਲਾਂ ਤੋਂ ਵੀ ਵੱਧ ਕਾਲਾ ਰੰਗ ਹੋ ਸਕਦਾ ਹੈ, ਲਾਲੀ ਹੋ ਸਕਦੀ ਹੈ ਤਾਂ ਚਮੜੀ ਉਤਰਨ ਲੱਗ ਸਕਦੀ ਹੈ।
ਹਲਕੇ ਭੂਰੇ ਜਾਂ ਚਿੱਟੇ ਰੰਗ ਦੀਆਂ ਕਰੀਮਾਂ ਵਿਚ ਪਾਰਾ ਵੱਧ ਪਾਇਆ ਜਾਂਦਾ ਹੈ ਤੇ ਬਹੁਤੀਆਂ ਕਰੀਮਾਂ ਦੇ ਬਾਹਰ ਜਾਣ ਬੁੱਝ ਕੇ ਪਾਰੇ ਦਾ ਜ਼ਿਕਰ ਹੀ ਨਹੀਂ ਕੀਤਾ ਜਾਂਦਾ। ਕਈ ਕੰਪਨੀਆਂ ਪਾਰੇ ਦੀ ਥਾਂ ਕਰੀਮ ਬਾਹਰ 'ਕੁਇੱਕ ਸਿਲਵਰ' ਜਾਂ 8ydrargyri oxydum rubrum  ਜੋ ਕਿ ਮਰਕਰੀ ਓਕਸਾਈਡ ਹੈ, ਲਿਖ ਦਿੰਦੀਆਂ ਹਨ। ਇਹ ਵਰਤਣ ਵਾਲਿਆਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਗੱਲ ਹੈ।
ਇਹ ਵੀ ਧਿਆਨ ਰਹੇ ਕਿ ਜੇ ਕਿਸੇ ਪਦਾਰਥ ਬਾਹਰ ਇਹ ਲਿਖਿਆ ਹੈ ਕਿ ਇਸਨੂੰ ਚਾਂਦੀ, ਸੋਨੇ, ਰਬੜ, ਐਲਮੀਨੀਅਮ ਜਾਂ ਜ਼ੇਵਰਾਂ ਨੇੜੇ ਨਾ ਰੱਖੋ ਤਾਂ ਸਪਸ਼ਟ ਹੈ ਕਿ ਉਸ ਵਿਚ ਵੀ ਪਾਰਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਇਕ 34 ਵਰਿਆਂ ਦੀ ਔਰਤ ਦਾ ਕੇਸ ਪੂਰੀ ਦੁਨੀਆ ਅੱਗੇ ਧਰਿਆ ਹੈ ਜਿਸਨੇ ਕੁੱਝ ਮਹੀਨੇ ਗੋਰੇ ਹੋਣ ਦੀਆਂ ਕਰੀਮਾਂ ਵਰਤੀਆਂ ਤਾਂ ਉਸਦੇ ਗੁਰਦੇ ਏਨੇ ਖ਼ਰਾਬ ਹੋ ਗਏ ਕਿ ਉਸਨੂੰ ਨੈਫਰੋਟਿਕ ਸਿੰਡਰੋਮ ਹੋ ਗਿਆ।  ਇਸ ਕੇਸ ਬਾਰੇ ਸਭ ਕੁੱਝ ਦੱਸਣ ਦੇ ਬਾਅਦ ਇਕ ਨੋਟ ਲਿਖਿਆ ਗਿਆ ਕਿ ਸਤੁੰਸ਼ਟ ਹੋਣਾ ਸਿੱਖੋ ਅਤੇ ਜੋ ਵੀ ਕੁਦਰਤੀ ਰੰਗ ਮਿਲਿਆ ਹੈ ਉਸੇ ਉੱਤੇ ਫ਼ਖ਼ਰ ਕਰੋ। ਚਮੜੀ ਦੀ ਖ਼ੂਬਸੂਰਤੀ ਨਾਲੋਂ ਮਨ ਦੀ ਸੁੰਦਰਤਾ ਵੱਲ ਧਿਆਨ ਦਿਓ।
ਸਿਰਫ਼ ਕਰੀਮਾਂ ਹੀ ਨਹੀਂ ਲਿਪਸਟਿਕ ਵੀ ਕਾਫ਼ੀ ਖ਼ਤਰਨਾਕ ਸਾਬਤ ਹੋ ਰਹੀ ਹੈ। ਲਿਪਸਟਿਕ ਤੇ ਲਿਪ ਗਲੌਸ ਵਿਚਲਾ ਨਿੱਕਲ ਜਿੱਥੇ ਕੈਂਸਰ ਕਰ ਸਕਦਾ ਹੈ, ਉੱਥੇ ਸਰੀਰ ਵਿਚਲੇ ਸਾਰੇ ਅੰਗਾਂ, ਜਿਗਰ, ਦਿਲ, ਗੁਰਦੇ, ਚਮੜੀ, ਫੇਫੜੇ, ਅੱਖਾਂ, ਦਿਮਾਗ਼ ਉੱਤੇ ਅਸਰ ਪਾਉਂਦਾ ਹੈ ਅਤੇ ਬੀਮਾਰੀ ਨਾਲ ਲੜਨ ਵਾਲੀ ਤਾਕਤ ਵੀ ਘਟਾ ਦਿੰਦਾ ਹੈ।
ਲਿਪਸਟਿਕ ਵਿਚਲਾ ਕ੍ਰੋਮੀਅਮ ਵੀ ਕੈਂਸਰ ਕਰਨ ਦੇ ਨਾਲ ਨਾਲ ਨਿੱਕਲ ਵਾਂਗ ਹੀ ਸਾਰੇ ਸਰੀਰ ਦਾ ਨਾਸ ਮਾਰ ਦਿੰਦਾ ਹੈ ਤੇ ਮੌਤ ਦੇ ਮੂੰਹ ਵੱਧ ਧੱਕ ਦਿੰਦਾ ਹੈ।
ਇਹ ਫੈਸਲਾ ਹੁਣ ਮੈਂ ਲੇਖ ਪੜਨ ਵਾਲਿਆਂ ਉੱਤੇ ਛੱਡਿਆ ਕਿ ਉਹ ਆਪ ਹੀ ਸੋਚਣ ਉਨਾਂ ਨੂੰ ਕੀ ਚਾਹੀਦਾ ਹੈ? ਕੁੱਝ ਮਹੀਨਿਆਂ ਦੀ ਖ਼ੂਬਸੂਰਤੀ ਤੇ ਬਾਕੀ ਜ਼ਿੰਦਗੀ ਅੱਡੀਆਂ ਰਗੜ ਰਗੜ ਕੇ ਰੋਗ ਸਹੇੜ ਕੇ ਮਰਨਾ ਜਾਂ ਮਨ ਦੀ ਖੂਬਸੂਰਤੀ ਨਾਲ ਲੋਕਾਂ ਨੂੰ ਮੋਹ ਕੇ ਲੰਬੀ ਸਿਹਤਮੰਦ ਜ਼ਿੰਦਗੀ ਜੀਊਣਾ!
ਯਾਦ ਰੱਖਣ ਵਾਲੀ ਗੱਲ ਹੈ ਕਿ ਅੱਜ ਦੇ ਦਿਨ ਵੀ ਕੋਈ ਕਿੰਨਾ ਹੀ ਖੂਬਸੂਰਤ ਹੋਵੇ, ਜਦ ਤਕ ਮੂੰਹ ਉੱਤੇ ਮੁਸਕਾਨ ਨਾ ਹੋਵੇ, ਜ਼ਿਆਦਾ ਦੇਰ ਖਿੱਚ ਨਹੀਂ ਪਾ ਸਕਦਾ। ਸੋ ਕੁਦਰਤ ਨੇ ਖੇੜਾ ਦਿੱਤਾ ਹੀ ਇਸੇ ਲਈ ਹੈ ਕਿ ਹਰ ਚਿਹਰਾ ਖੂਬਸੂਰਤ ਜਾਪਣ ਲੱਗ ਜਾਵੇ। ਇਸਦੀ ਭਰਪੂਰ ਵਰਤੋਂ ਕਰੋ ਤੇ ਫੇਰ ਵੇਖੋ ਕਰੀਮਾਂ ਲਿਪਸਟਿਕਾਂ ਤੋਂ ਬਗ਼ੈਰ ਵੀ ਕੀ ਕਰਾਮਾਤ ਵਾਪਰਦੀ ਹੈ।
- ਡਾ. ਹਰਸ਼ਿੰਦਰ ਕੌਰ, 
ਐਮ ਡੀ, ਬੱਚਿਆਂ ਦੀ ਮਾਹਿਰ

 

ਭਰੂਣ ਹੱਤਿਆ ਲਈ ਮਾਪੇ ਹੀ ਦੋਸ਼ੀ ਕਿਉਂ?

 

ਭਰੂਣ ਹੱਤਿਆ ਅੱਜ-ਕੱਲ ਚਰਚਿਤ ਵਿਸ਼ਾ ਹੈ।ਮਨ ਸੋਚਦਾ ਹੈ ਕਿ ਜਣਨਹਾਰੇ ਆਪਣੀ ਹੀ ਸਿਰਜਣਾ ਨੂੰ ਆਪਣੇ ਹੱਥੀਂ ਖੰਡਤ ਕਰਨ ਲਈ ਕਿਉਂ ਮਜਬੂਰ ਹੁੰਦੇ ਹਨ ਜਿਸ ਭਰੂਣ ਨੂੰ ਉਨਾਂ ਨੇ ਵਿਗਸਦੇ, ਮੌਲਦੇ ਤੇ ਪ੍ਰਵਾਨ ਹੁੰਦੇ ਤਕ ਕੇ ਸਰਸ਼ਾਰ ਹੋਣਾ ਸੀ, ਉਸੇ ਨੂੰ ਉਗਮਣ ਤੋਂ ਪਹਿਲਾਂ ਹੀ ਗਟਰ ਵਿੱਚ ਵਹਾਉਣ ਦੀ ਦਲੇਰੀ ਕਿਵੇਂ ਕਰਦੇ ਹਨ? ਉਹ ਕਿਹੜੀ ਮਜਬੂਰੀ ਹੈ ਜੋ ਉਨਾਂ ਨੂੰ ਇਹੋ ਜਿਹਾ ਜੀਵਘਾਤ ਕਰਨ ਤਕ ਲੈ ਜਾਂਦੀ ਹੈ।
ਕੁੜੀਆਂ ਮਾਰਨ ਦਾ ਵਰਤਾਰਾ ਕੋਈ ਨਵਾਂ ਨਹੀਂ ਹੈ। ਜੇ ਆਪਾਂ ਪਿੱਛੇ ਵੱਲ ਝਾਤੀ ਮਾਰੀਏ ਤਾਂ ਹਰ ਸੱਭਿਅਤਾ ਵਿੱਚ ਇਹ ਪ੍ਰਥਾ ਕਿਸੇ ਨਾ ਕਿਸੇ ਰੂਪ ਵਿੱਚ ਮਿਲਦੀ ਸੀ।ਪੁਰਾਣੇ ਸਾਮੰਤ ਵਾਦੀ ਸਮਾਜ ਵਿੱਚ, ਕਬੀਲੇ ਦੀ ਸੁਰੱਖਿਆ ਦੇ ਹਿੱਤ ਵਿੱਚ, ਪੁਰਸ਼ਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਂਦੀ ਸੀ ਤਾਂ ਜੋ ਲੋੜ ਵੇਲੇ ਦੁਸ਼ਮਣ ਕਬੀਲੇ ਤੋਂ ਮਜ਼ਬੂਤ ਧਿਰ ਵਜੋਂ ਰੱਖਿਆ ਕਰ ਸਕੇ। ਜਿਉਂ-ਜਿਉਂ ਉਹ ਜ਼ੋਰਾਵਰ ਹੁੰਦਾ ਗਿਆ, ਔਰਤ ਨੂੰ ਉਹ ਆਪਣੇ ਅਧੀਨ ਵਸਤੂ ਹੀ ਚਿਤਰਣ ਲੱਗ ਪਿਆ। ਹਰ ਜੇਤੂ ਕਬੀਲਾ ਜਿੱਤ ਉਪਰੰਤ ਉਨਾਂ ਦੇ ਧਨ ਦੌਲਤ ਦੇ ਨਾਲ-ਨਾਲ ਧੀਆਂ-ਭੈਣਾਂ ਨੂੰ ਵੀ ਲੁੱਟ ਦੇ ਮਾਲ ਵਾਂਗ ਲੈ ਜਾਂਦਾ ਸੀ। ਮੁਹੰਮਦ ਗੌਰੀ, ਮਹਿਮੂਦ ਗਜਨਵੀ ਅਤੇ ਅਬਦਾਲੀ ਦੇ ਹਮਲਿਆਂ ਦੀ ਦਾਸਤਾਨ ਇਸ ਦਾ ਸਬੂਤ ਹੈ। ਧੀਆਂ-ਭੈਣਾਂ ਨੂੰ ਇਸ ਤਰਾਂ ਲੁੱਟ ਕੇ ਲੈ ਜਾਣ ਨਾਲ ਹਾਰੀ ਧਿਰ ਦਾ ਅਪਮਾਨ ਤਾਂ ਹੁੰਦਾ ਹੀ ਸੀ, ਉਸ ਅਪਮਾਨ ਤੋਂ ਬਚਣ ਦਾ ਇੱਕੋ-ਇੱਕ ਢੰਗ ਜੰਮਦੀ ਧੀ ਨੂੰ ਮਾਰ ਦੇਣ ਦਾ ਅਪਣਾਇਆ ਗਿਆ ਤਾਂ ਜੋ ਅੱਖਾਂ ਸਾਹਮਣੇ ਇਹੋ ਜਿਹਾ ਸੰਤਾਪ ਭੋਗਣ ਦਾ ਸਮਾਂ ਹੀ ਨਾ ਆਵੇ। ਦੱਖਣੀ ਹਰਿਆਣਾ ਅਤੇ ਰਾਜਸਥਾਨ ਵਿੱਚ ਅੱਜ ਵੀ ਕਈ ਪਿੰਡ ਅਜਿਹੇ ਮਿਲਦੇ ਹਨ ਜਿੱਥੇ ਧੀਆਂ ਦੇਖਣ ਨੂੰ ਵੀ ਨਹੀਂ ਮਿਲਦੀਆਂ। ਕੁੜੀਆਂ ਨਾ ਜੰਮਣ ਦੇਣ ਦੀ ਪ੍ਰਵਿਰਤੀ ਨੇ ਹੀ ਪੁੱਤ ਹੋਣ ਦੀ ਦਵਾਈ ਦੇਣ ਦੀ ਲੁੱਟ-ਖਸੁੱਟ ਨੂੰ ਜਨਮ ਦਿੱਤਾ ਜਦੋਂਕਿ ਜੀਵ-ਵਿਗਿਆਨ ਅਨੁਸਾਰ ਅਜਿਹਾ ਹੋਣਾ ਸੰਭਵ ਨਹੀਂ।
ਭਾਵੇਂ ਅੱਜ ਦੇ ਯੁੱਗ ਵਿੱਚ ਉਸ ਤਰਾਂ ਦੇ ਜਰਵਾਣੇ ਖੋਹ ਕੇ ਤਾਂ ਨਹੀਂ ਲੈ ਜਾ ਸਕਦੇ ਪਰ ਨਵੀਂ ਕਿਸਮ ਦੇ ਜਰਵਾਣੇ ਸ਼ਰੇਆਮ ਮਾਪਿਆਂ ਦੀ ਹਾਜ਼ਰੀ ਵਿੱਚ ਜਾਂ ਸ਼ਰੇ ਬਾਜ਼ਾਰ ਧੀਆਂ-ਭੈਣਾਂ ਦੀ ਬੇਪਤੀ ਕਰਦੇ, ਉਧਾਲਦੇ, ਬਲਾਤਕਾਰ ਕਰਦੇ ਹਨ ਅਤੇ ਫਿਰ ਉਸ ਦੇ ਹੀ ਦਰ ਅੱਗੇ ਸੁੱਟ ਜਾਂਦੇ ਹਨ।ਕੀ ਇਹ ਕੁਝ ਦੇਖਣ ਅਤੇ ਸਹਿਣ ਕਰਨ ਲਈ ਮਾਪੇ-ਧੀਆਂ ਨੂੰ ਜਨਮ ਦੇਣ? ਇਹੋ ਜਿਹੀ ਸਥਿਤੀ ਵਿੱਚੋਂ ਲੰਘੀ ਲੜਕੀ ਚਾਹੇ ਉਹ ਸ਼ਰੁਤੀ ਹੋਵੇ, ਚਾਹੇ ਜੋਬਨ ਜੋਤ, ਚਾਹੇ ਦਾਮਿਨੀ ਜਾਂ ਕੋਈ ਹੋਰ, ਕੀ ਕੋਈ ਹੈ ਜੋ ਉਨਾਂ ਨੂੰ ਅਪਣਾਉਣ ਲਈ ਤਿਆਰ ਹੋਵੇ? ਕੋਈ ਵਿਰਲਾ ਹੀ ਨਿਤਰਦਾ ਹੈ। ਫਿਰ ਅਦਾਲਤਾਂ ਦਾ ਤਾਂ ਰੱਬ ਹੀ ਰਾਖਾ ਹੈ। ਗੁਨਾਹਗਾਰ ਦਾ ਵਕੀਲ ਆਪਣੇ ਮੁਅੱਕਲ ਨੂੰ ਅਤਿ ਦਾ ਸ਼ਰੀਫ਼ ਅਤੇ ਦਾਨਸ਼ਵੰਦ ਸਿੱਧ ਕਰਦਿਆਂ ਮਾਸੂਮ ਨੂੰ ਬਾਲੜੀ ਵੇਸਵਾ ਤਕ ਗਰਦਾਨਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਓਧਰ ਅਜਿਹੇ ਅਪਰਾਧ ਕਰਨ ਵਾਲਿਆਂ ਦੀ ਇੱਜ਼ਤ ਉਸੇ ਤਰਾਂ ਬਰਕਰਾਰ ਹੈ।ਭਰੂਣ ਹੱਤਿਆ ਨਾਅਰਿਆਂ ਨਾਲ ਨਹੀਂ ਰੁਕ ਸਕਦੀ। ਇਸ ਲਈ ਇਹੋ ਜਿਹਾ ਵਾਤਾਵਰਣ ਉਸਾਰਨ ਦੀ ਲੋੜ ਹੈ ਜਿੱਥੇ ਔਰਤ ਅਬਲਾ ਹੋ ਕੇ ਨਾ ਵਿਚਰੇ, ਉਸ ਨੂੰ ਨਿਸੰਗ ਵਿਗਸਣ ਦੇ ਮੌਕੇ ਮਿਲਣ ਪਰ ਅਜਿਹਾ ਵਾਤਾਵਰਣ ਉਸਰੇ ਕਿਵੇਂ? ਇਹ ਉਸਰਦਾ ਹੈ ਸੋਚ ਬਦਲਣ ਨਾਲ। ਬੇਸ਼ੱਕ ਅਸੀਂ ਪੂੰਜੀਵਾਦੀ ਯੁੱਗ ਦੇ ਦੌਰ ਵਿੱਚੋਂ ਲੰਘ ਰਹੇ ਹਾਂ ਪਰ ਸਾਡੀ ਸੋਚ ਬੁਨਿਆਦੀ ਤੌਰ 'ਤੇ ਜਾਗੀਰੂ ਹੀ ਹੈ। ਹੁਣ ਵੀ ਮਰਦ ਔਰਤ ਨੂੰ ਭੋਗ ਦੀ ਵਸਤੂ ਹੀ ਸਮਝਦਾ ਹੈ। ਉਹ ਲੜਕੀ ਨੂੰ ਇਕੱਲੀ ਵੇਖ ਕੇ ਆਪਣਾ ਮਰਦਊਪੁਣਾ ਦਿਖਾਉਣ ਤੋਂ ਕਦੀ ਬਾਝ ਨਹੀਂ ਆਉਂਦਾ। ਇਸ ਸੋਚ ਨੂੰ ਪੂਰੇ ਤੌਰ 'ਤੇ ਬਦਲਣ ਦੀ ਲੋੜ ਹੈ। ਸਮਾਜ ਅਤੇ ਮਾਪਿਆਂ ਦੇ ਵੀ ਮੁੰਡੇ ਅਤੇ ਕੁੜੀ ਲਈ ਨੈਤਿਕਤਾ ਦੇ ਮਾਪਦੰਡ ਦੋਗਲੇ ਹਨ। ਪੁੱਤ ਦੀ ਕਰਤੂਤ ਨੂੰ ਫਖ਼ਰ ਵਜੋਂ ਲਿਆ ਜਾਂਦਾ ਹੈ ਅਤੇ ਧੀ ਦੇ ਅਜਿਹੇ ਕਾਰੇ ਨੂੰ ਨੱਕ ਵੱਢਣ ਵਜੋਂ।  ਇਹ ਦਲੀਲ ਦਿੱਤੀ ਜਾਂਦੀ ਹੈ ਕਿ ਕੁੜੀਆਂ ਨੂੰ ਵੱਧ ਤੋਂ ਵੱਧ ਪੜਾਇਆ ਜਾਵੇ ਪਰ ਅਫ਼ਸੋਸ ਮਹਿੰਗੀਆਂ ਫੀਸਾਂ ਨਾਲ ਪੜਾਈ ਕਰਾ ਕੇ ਅੱਖਾਂ ਉਦੋਂ ਖੁੱਲਦੀਆਂ ਹਨ ਜਦੋਂ ਮੁੰਡੇ ਵਾਲਿਆਂ ਵੱਲੋਂ ਮੰਗੇ ਗਏ ਦਾਜ ਦੀ ਮਾਤਰਾ ਸਾਹਮਣੇ ਆਉਂਦੀ ਹੈ। ਪੜੇ-ਲਿਖੇ ਮੁੰਡੇ ਦਾ ਮੁੱਲ ਕਿਤੇ ਉੱਚਾ ਹੋ ਜਾਂਦਾ ਹੈ। ਇੱਥੇ ਆ ਕੇ ਸੁਹਿਰਦ ਮਾਪਿਆਂ ਨੂੰ ਵੀ ਧੀ ਜੰਮਣ ਦਾ ਅਫ਼ਸੋਸ ਹੁੰਦਾ ਹੈ। ਕਾਰਨ? ਸਾਡੀ ਉਹੀ ਪੁਰਾਣੀ ਸੋਚ।
ਭਰੂਣ ਹੱਤਿਆ ਦੀ ਪ੍ਰਵਿਰਤੀ ਮੱਧਵਰਗੀ ਪਰਿਵਾਰਾਂ ਵਿੱਚ ਵਧੇਰੇ ਹੈ। ਅਤਿ ਅਮੀਰ ਅਤੇ ਅਤਿ ਗ਼ਰੀਬ ਤਬਕਾ ਇਸ ਸਮੱਸਿਆ ਤੋਂ ਲਗਪਗ ਮੁਕਤ ਹੀ ਹੈ। ਭਰੂਣ ਹੱਤਿਆ ਦਾ ਇਹ ਵਰਤਾਰਾ ਪੁੱਤ ਪ੍ਰਾਪਤੀ ਦੀ ਇੱਛਾ ਅਤੇ ਪਰਿਵਾਰ ਨਿਯੋਜਨ ਦੇ ਸੁਮੇਲ ਦੀ ਉਪਜ ਹੈ। ਉੱਚ ਸਿੱਖਿਆ ਅਤੇ ਸੁਚੱਜੀ ਪਾਲਣ-ਪੋਸ਼ਣ ਪ੍ਰਤੀ ਸੁਚੇਤ ਪਰਿਵਾਰ ਦੀ ਇੱਛਾ ਹੁੰਦੀ ਹੈ ਕਿ ਉਸ ਦਾ ਪਹਿਲਾ ਬੱਚਾ ਪੁੱਤ ਹੋਵੇ, ਫਿਰ ਅਗਲੇ ਬੱਚੇ ਸਮੇਂ ਬੇਫ਼ਿਕਰੀ। ਇਹ ਸੁਨਿਸ਼ਚਤਾ ਹੀ ਸਹੁਰਿਆਂ ਵੱਲੋਂ ਨੂੰਹਾਂ ਨੂੰ ਅਲਟਰਾ ਸਾਊਂਡ ਕਰਵਾਉਣ ਲਈ ਮਜਬੂਰ ਕਰਦੀ ਹੈ, ਖਾਸਕਰ ਦੂਜੇ ਬੱਚੇ ਵੇਲੇ ਜੇ ਪਹਿਲਾ ਬੱਚਾ ਧੀ ਹੋਵੇ, ਜੇ ਦੂਜੀ ਵੀ ਧੀ ਹੋ ਗਈ ਫੇਰ?
ਪੁੱਤ ਪ੍ਰਾਪਤੀ ਦੀ ਲਾਲਸਾ ਨੂੰ ਕੁਝ ਸਾਡੇ ਸੰਸਕਾਰਾਂ ਅਤੇ ਬਾਕੀ ਬੁਢਾਪੇ ਦੀ ਅਸੁਰੱਖਿਅਤਾ ਨੇ ਜਨਮ ਦਿੱਤਾ ਹੈ। ਧੀ ਆਪਣੇ ਮਾਪਿਆਂ ਨੂੰ ਬੇਸ਼ੱਕ ਪੁੱਤਾਂ ਨਾਲੋਂ ਵੱਧ ਲੋਚਦੀ ਹੈ ਪਰ ਉਹ ਆਪਣੇ ਸਹੁਰਿਆਂ ਦੀ ਮਰਜ਼ੀ ਵਿਰੁੱਧ ਕੁਝ ਨਹੀਂ ਕਰ ਸਕਦੀ। ਫਿਰ ਉਸ ਦੇ ਸੱਸ, ਸਹੁਰੇ ਦੀ ਸੁਰੱਖਿਆ ਤੇ ਦੇਖਭਾਲ ਵੀ ਉਸ ਦੇ ਹੀ ਜ਼ਿੰਮੇ ਹੈ। ਇਸ ਪੱਖੋਂ ਸਰਕਾਰ ਨੂੰ ਹੀ ਬਜ਼ੁਰਗਾਂ ਦੀ ਸੁਰੱਖਿਆ ਅਤੇ ਇਕੱਲਾਪਣ ਦੂਰ ਕਰਨ ਲਈ ਪੱਛਮੀ ਦੇਸ਼ਾਂ ਵਾਂਗ ਉਪਰਾਲੇ ਕਰਨੇ ਚਾਹੀਦੇ ਹਨ।
ਗੱਲ ਇੱਥੇ ਆ ਕੇ ਨਿੱਬੜਦੀ ਹੈ ਕਿ ਜਿੰਨੀ ਦੇਰ ਮੁੰਡੇ ਅਤੇ ਕੁੜੀਆਂ ਨੂੰ ਵਧਣ ਫੁੱਲਣ ਦੇ ਇੱਕੋ ਜਿਹੇ ਮੌਕੇ ਨਹੀਂ ਮਿਲਦੇ, 'ਦੇਖ ਪਰਾਈਆਂ ਚੰਗੀਆਂ ਮਾਵਾਂ-ਧੀਆਂ ਭੈਣਾਂ ਜਾਣੋ' ਦੀ ਧਾਰਨਾ ਧੁਰ ਅੰਦਰ ਤਕ ਨਹੀਂ ਸਮਾ ਜਾਂਦੀ, ਮੁੰਡੇ ਅਤੇ ਕੁੜੀਆਂ ਇੱਕ ਟੀਮ ਵਾਂਗ ਸਮਾਜਕ ਵਿਕਾਸ ਵੱਲ ਕਦਮ ਨਹੀਂ ਪੁੱਟਦੇ, ਦਾਜ ਦੀ ਮੂੰਹ ਅੱਡਵੀਂ ਅਤੇ ਲੁਕਵੀਂ ਮੰਗ ਖ਼ਤਮ ਨਹੀਂ ਹੋ ਜਾਂਦੀ, ਔਰਤ ਵਰਗ ਪ੍ਰਤੀ ਸਾਡੀ ਸਮੁੱਚੀ ਸੋਚ ਵਿਕਸਤ ਨਹੀਂ ਹੋ ਜਾਂਦੀ, ਭਰੂਣ ਹੱਤਿਆ ਖ਼ਤਮ ਹੋਣੀ ਮੁਸ਼ਕਲ ਹੈ।
- ਸਾਧੂ ਸਿੰਘ ਸਰਹੰਦ