ਕਸਰਤ ਕਰੋ ਅਤੇ ਆਪਣੇ-ਆਪ ਨੂੰ ਤੰਦਰੁਸਤ ਰੱ ਖੋ

 
ਕਸਰਤ ਨਾਲ ਕਈ ਕਮਾਲ ਹੋ ਜਾਂਦੇ ਹਨ | ਸਰੀਰ ਵਿਚ ਆਏ ਕਈ ਤਰ੍ਹਾਂ ਦੇ ਵਿਕਾਰ ਆਪਣੇ-ਆਪ ਖ਼ਤਮ ਹੋ ਜਾਂਦੇ ਹਨ ਅਤੇ ਮਨੁੱਖ ਆਪਣੇ-ਆਪ ਨੂੰ ਤੰਦਰੁਸਤ ਸਮਝਣ ਲਗਦਾ ਹੈ | ਕਸਰਤ ਤਣਾਅ ਨੂੰ ਘਟਾਉਣ, ਭਾਰ ਨੂੰ ਕਾਬੂ ਵਿਚ ਰੱਖਣ, ਮਾਸਪੇਸ਼ੀਆਂ ਵਿਚ ਖਿਚਾਅ ਨੂੰ ਖ਼ਤਮ ਕਰਨ, ਦਿਮਾਗ 'ਤੇ ਛਾਈ ਬੋਰੀਅਤ ਨੂੰ ਦੂਰ ਕਰਨ ਲਈ ਸਾਧਾਰਨ ਹੱਲ ਹੈ | ਇਸ ਨਾਲ ਆਤਮ-ਵਿਸ਼ਵਾਸ, ਆਤਮ-ਸਨਮਾਨ ਅਤੇ ਆਤਮ-ਅਭਿਲੋਕਨ ਦੀ ਸਮਰੱਥਾ ਦਾ ਨਿਰਮਾਣ ਹੁੰਦਾ ਹੈ |
ਕਸਰਤ ਦੇ ਬਾਰੇ ਵਿਚ ਬਹੁਤੇ ਲੋਕਾਂ ਨੂੰ ਇਹ ਸ਼ਿਕਾਇਤ ਰਹਿੰਦੀ ਹੈ ਕਿ ਇਹ ਬੜੀ ਬੋਰੀਅਤ ਭਰੀ ਹੁੰਦੀ ਹੈ | ਨਾਲ ਹੀ ਇਸ ਵਿਚ ਸੱਟ-ਫੇਟ ਲੱਗਣ ਦਾ ਖ਼ਤਰਾ ਵੀ ਰਹਿੰਦਾ ਹੈ | ਇਸ ਦਾ ਮਤਲਬ ਇਹ ਹੈ ਕਿ ਹੁਣ ਤੱਕ ਤੁਸੀਂ ਇਸ ਪ੍ਰਭਾਵੀ ਸਰਗਰਮੀ ਦੀ ਚੋਣ ਨਹੀਂ ਕੀਤੀ, ਜਿਨ੍ਹਾਂ ਵਿਚੋਂ ਤੁਹਾਨੂੰ ਕੋਈ ਚੰਗੀ ਤਰ੍ਹਾਂ ਫਿੱਟ ਬੈਠੇ | 
ਅਸਲ ਵਿਚ ਕੁਝ ਲੋਕ ਵੈਸੇ ਹੀ ਹੱਥ-ਪੈਰ ਚਲਾਉਂਦੇ ਰਹਿੰਦੇ ਹਨ, ਪਰ ਆਪਣੇ ਸਰੀਰ ਸੁਧਾਰ ਦੇ ਲਈ ਕੁਝ ਵੀ ਨਹੀਂ ਜਾਂ ਥੋੜ੍ਹਾ-ਬਹੁਤ ਕਰਦੇ ਹਨ, ਕਿਉਂਕਿ ਉਹ ਕਸਰਤ ਦੇ ਉਚਿਤ ਫਾਇਦਿਆਂ ਤੋਂ ਅਣਜਾਣ ਹੁੰਦੇ ਹਨ | ਕਸਰਤ ਦਾ ਇਹ ਮਤਲਬ ਕਦੇ ਨਹੀਂ ਕਿ ਤੁਹਾਨੂੰ ਦੌੜ ਲਗਾਉਣੀ ਚਾਹੀਦੀ ਹੈ ਜਾਂ ਪਹਾੜ ਦੀ ਚੋਟੀ 'ਤੇ ਚੜ੍ਹਨਾ ਚਾਹੀਦਾ ਹੈ | ਖੋਜਾਂ ਅਨੁਸਾਰ ਇਹ ਕਿਹਾ ਗਿਆ ਹੈ ਕਿ ਨਿਯਮਿਤ ਕਸਰਤ, ਜਿਸ ਵਿਚ ਇਕ ਵਿਅਕਤੀ ਨੂੰ ਪਸੀਨਾ ਆ ਜਾਵੇ ਜਾਂ ਸਾਹ ਥੋੜ੍ਹਾ ਤੇਜ਼ ਚੱਲਣ ਲੱਗੇ, ਸਿਹਤ ਦੇ ਲਈ ਲਾਭਦਾਇਕ ਹੈ | ਹਫ਼ਤੇ ਵਿਚ 5 ਦਿਨ ਹਰ ਰੋਜ਼ 30 ਮਿੰਟ ਇਸ ਤਰ੍ਹਾਂ ਦੀ ਕਸਰਤ ਸਿਹਤ ਦੇ ਲਈ ਫਾਇਦੇਮੰਦ ਹੈ | ਨਿਯਮਿਤ ਰੂਪ ਵਿਚ ਕਸਰਤ ਨਾਲ ਤੁਸੀਂ ਹਫ਼ਤੇ ਭਰ ਵਿਚ ਆਪਣੇ ਸਰੀਰ ਵਿਚ ਤਾਜ਼ਗੀ ਮਹਿਸੂਸ ਕਰ ਸਕਦੇ ਹੋ ਪਰ ਤੇਜ਼ ਚੱਲਣ, ਤੈਰਨ ਜਾਂ ਸਾਈਕਲ ਚਲਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲਓ | 
ਹਰ ਰੋਜ਼ ਕਸਰਤ ਦਾ ਸਮਾਂ ਨਿਰਧਾਰਿਤ ਰੱਖੋ | ਇਹ ਸੁਭਾਅ ਬਣਾ ਲਓ ਕਿ ਸਵੇਰ ਵੇਲੇ ਸੈਰ ਜ਼ਰੂਰ ਕਰਨੀ ਹੈ, ਕਿਉਂਕਿ ਸਵੇਰ ਦਾ ਸਮਾਂ ਬੇਹੱਦ ਤਾਜ਼ੀ ਅਤੇ ਸ਼ੁੱਧ ਹਵਾ ਨਾਲ ਭਰਪੂਰ ਹੁੰਦਾ ਹੈ | ਕਸਰਤ ਨੂੰ ਹੌਲੀ-ਹੌਲੀ ਵਧਾਓ | ਕਸਰਤ ਖਾਲੀ ਪੇਟ ਕਰਨੀ ਚਾਹੀਦੀ ਹੈ ਅਤੇ ਕੱਪੜੇ ਢਿੱਲੇ ਅਤੇ ਆਰਾਮਦਾਇਕ ਹੋਣੇ ਚਾਹੀਦੇ ਹਨ | ਇਸ ਨੂੰ ਨਿਯਮਿਤ ਰੂਪ ਨਾਲ ਕਰਨਾ ਚਾਹੀਦਾ ਹੈ, ਨਾ ਕਿ ਜਦੋਂ ਦਿਲ ਕਰੇ, ਤਦ | ਕਸਰਤ ਵਿਚ ਨਿਯਮਤਤਾ ਮਹੱਤਵਪੂਰਨ ਹੈ | ਬਿਮਾਰੀ ਜਾਂ ਥਕਾਨ ਦੀ ਹਾਲਤ ਵਿਚ ਛੋਟ ਹੋ ਸਕਦੀ ਹੈ | ਜੇਕਰ ਕਸਰਤ ਦੇ ਦੌਰਾਨ ਕੋਈ ਰੁਕਾਵਟ ਆਵੇ ਤਾਂ ਦੁਬਾਰਾ ਸ਼ੁਰੂ ਕਰੋ | 
ਸ਼ੁਰੂ ਵਿਚ ਕਸਰਤ ਕਰਦਿਆਂ ਦਿਲ ਦੀਆਂ ਮਾਸਪੇਸ਼ੀਆਂ 'ਤੇ ਵਧੇਰੇ ਦਬਾਅ ਨਾ ਪਾਓ | ਹੌਲੀ-ਹੌਲੀ ਇਸ ਦੀ ਰਫ਼ਤਾਰ ਨੂੰ ਵਧਾਓ | ਛਾਤੀ ਵਿਚ ਅਕੜਨ ਜਾਂ ਦਰਦ, ਸਿਰ ਵਿਚ ਹਲਕਾਪਣ ਜਾਂ ਸਾਹ ਉਖੜਨਾ ਜਾਂ ਚੱਕਰ ਆਉਣਾ ਆਦਿ ਕਸਰਤ ਦੇ ਦੌਰਾਨ ਬੇਹੱਦ ਥਕਾਵਟ ਦੇ ਲੱਛਣ ਹਨ | ਜੇਕਰ ਬੁਖਾਰ ਹੋਵੇ ਤਾਂ ਕਸਰਤ ਨਾ ਕਰੋ | 
ਸ਼ੂਗਰ ਦੇ ਰੋਗੀ ਜੇਕਰ ਵਧੇਰੇ ਸਮੇਂ ਤੱਕ, ਵਧੇਰੇ ਸ਼ਕਤੀ ਨਾਲ ਕਸਰਤ ਕਰਦੇ ਹਨ ਤਾਂ ਸੰਭਾਵਨਾ ਹੁੰਦੀ ਹੈ ਕਿ ਬਲੱਡ ਸ਼ੂਗਰ ਦੀ ਮਾਤਰਾ ਘੱਟ ਹੋ ਜਾਵੇ | ਇਸ ਲਈ ਉਨ੍ਹਾਂ ਨੂੰ ਆਪਣੇ ਨਾਲ ਬਿਸਕੁਟ ਜਾਂ ਚੀਨੀ ਰੱਖਣੀ ਚਾਹੀਦੀ ਹੈ ਜਾਂ ਸ਼ੂਗਰ ਕੰਟਰੋਲ ਦੇ ਲਈ ਇੰਸੁਲਿਨ ਦੀ ਗੋਲੀ ਦਾ ਸੇਵਨ ਕਰਦੇ ਹਨ ਤਾਂ ਵਧੇਰੇ ਕਸਰਤ ਨਾਲ ਸੰਭਾਵਨਾ ਹੈ ਕਿ ਉਨ੍ਹਾਂ ਦੀ ਬਲੱਡ ਸ਼ੂਗਰ ਘੱਟ ਹੋ ਜਾਵੇ | 
ਜੇਕਰ ਤੁਹਾਨੂੰ ਪਸੀਨਾ ਖੂਬ ਆਵੇ ਜਾਂ ਦੇਖਣ ਵਿਚ ਕਠਿਨਾਈ ਹੋਵੇ ਤਾਂ ਇਹ ਹਾਈਪੋਗਲਾਈਸੀਮੀਆ ਜਾਂ ਲੋਅ ਬਲੱਡ ਪ੍ਰੈਸ਼ਰ ਦੇ ਕਾਰਨ ਹੋ ਸਕਦਾ ਹੈ | ਜਿਨ੍ਹਾਂ ਲੋਕਾਂ ਨੂੰ ਜੋੜਾਂ ਦਾ ਦਰਦ ਰਹਿੰਦਾ ਹੈ, ਉਨ੍ਹਾਂ ਲਈ ਜ਼ਰੂਰੀ ਹੈ ਕਿ ਬੈਠੇ-ਬੈਠੇ ਉਹ ਆਪਣੇ ਹੱਥਾਂ-ਪੈਰਾਂ ਨੂੰ ਹਿਲਾਉਣ ਅਤੇ ਬਿਸਤਰ ਵਿਚ ਲੇਟੇ-ਲੇਟੇ ਵੀ ਕਸਰਤ ਕਰ ਸਕਦੇ ਹਨ | 
ਕਸਰਤ ਦਾ ਦਿਮਾਗ ਦੇ ਕੁਝ ਹਿੱਸਿਆਂ 'ਤੇ ਵੀ ਪ੍ਰਭਾਵ ਪੈਂਦਾ ਹੈ, ਜੋ ਨਿਰਧਾਰਤ ਕਰਦੇ ਹਨ ਕਿ ਤੁਹਾਡਾ ਮੂਡ ਕਿਹੋ ਜਿਹਾ ਹੈ | ਸ਼ੁਰੂ ਵਿਚ ਤੁਸੀਂ ਕਿੰਨਾ ਵੀ ਬੁਰਾ ਮਹਿਸੂਸ ਕਰੋ ਪਰ ਇਕ ਚੰਗੀ ਦੌੜ, ਤੈਰਾਕੀ, ਸਾਈਕਲ ਦੀ ਸਵਾਰੀ ਜਾਂ ਤੇਜ਼ ਪੈਦਲ ਚੱਲਣ ਨਾਲ ਹੀ ਤੁਸੀਂ ਖੁਸ਼ਨੁਮਾ ਹੋ ਜਾਓਗੇ |

ਜ਼ਰੂਰੀ ਹੈ ਵਧਦੀ ਉਮਰ ਵਿਚ ਉਚਿਤ ਪੋਸ਼ਣ

 

ਕੀ ਤੁਹਾਡੀ ਉਮਰ 65 ਸਾਲ ਤੋਂ ਵਧੇਰੇ ਹੈ? ਕੀ ਤੁਸੀਂ ਕਦੇ ਅਜਿਹਾ ਮਹਿਸੂਸ ਕਰਦੇ ਹੋ ਕਿ ਤੁਹਾਡੀ ਯਾਦਾਸ਼ਤ ਜਵਾਬ ਦੇ ਗਈ ਹੈ ਜਾਂ ਤੁਹਾਡਾ ਦਿਮਾਗ ਘੱਟ ਕੰਮ ਕਰਨ ਲੱਗਾ ਹੈ ਜਾਂ ਤੁਹਾਡੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਹੋ ਗਈ ਹੈ? ਜੇਕਰ ਅਜਿਹਾ ਹੈ ਤਾਂ ਸ਼ਾਇਦ ਤੁਹਾਨੂੰ ਆਪਣੇ ਪੋਸ਼ਣ ਵਿਚ ਸੁਧਾਰ ਕਰਨ ਦੀ ਲੋੜ ਹੈ |
ਬਹੁਤ ਸਾਰੇ ਲੋਕ ਵਧਦੀ ਉਮਰ ਵਿਚ ਗ਼ਲਤ-ਮਲਤ ਖਾਣਾ ਸ਼ੁਰੂ ਕਰ ਦਿੰਦੇ ਹਨ, ਜਿਸ ਕਾਰਨ ਉਹ ਆਪਣੇ-ਆਪ ਨੂੰ ਤੰਦਰੁਸਤ ਨਹੀਂ ਰੱਖ ਪਾਉਂਦੇ | ਇਸ ਲਈ ਹਮੇਸ਼ਾ ਸਾਧਾਰਨ ਕਿਸਮ ਦੇ ਪੋਸ਼ਣ ਨਾਲ ਆਪਣੇ-ਆਪ ਨੂੰ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ | 
ਉਮਰ ਵਧਣ ਦੇ ਨਾਲ ਪੋਸ਼ਣ ਦੀਆਂ ਕਮੀਆਂ ਵੀ ਵਧ ਜਾਂਦੀਆਂ ਹਨ | ਯੂਨੀਵਰਸਿਟੀ ਆਫ ਅਯੋਬਾ ਦੇ ਖੋਜ ਵਿਦਿਆਰਥੀਆਂ ਨੇ 79 ਸਾਲ ਦੀ ਉਮਰ ਤੋਂ ਵਧੇਰੇ ਦੇ 400 ਲੋਕਾਂ 'ਤੇ ਕੀਤੇ ਗਏ ਇਕ ਤਜਰਬੇ ਵਿਚ ਪਾਇਆ ਕਿ ਉਨ੍ਹਾਂ ਵਿਚੋਂ 80 ਫੀਸਦੀ ਲੋਕ ਘੱਟੋ-ਘੱਟ ਚਾਰ ਪੋਸ਼ਕ ਪਦਾਰਥ ਲੋੜ ਤੋਂ ਘੱਟ ਮਾਤਰਾ ਵਿਚ ਲੈ ਰਹੇ ਸਨ | ਲਗਭਗ 80 ਫੀਸਦੀ ਲੋਕਾਂ ਵਿਚ ਹੀ ਇਹ ਕਮੀ ਪਾਈ ਗਈ ਕਿ ਵਿਟਾਮਿਨ 'ਬੀ' ਸਮੂਹ ਦੇ ਇਕ ਵਿਟਾਮਿਨ 'ਫੋਲੇਟ' ਦੀ ਬਹੁਤ ਘੱਟ ਮਾਤਰਾ ਲੈ ਰਹੇ ਸਨ | ਇਸ ਵਿਟਾਮਿਨ ਦੀ ਕਮੀ ਨਾਲ ਦਿਲ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ | 
ਲਗਭਗ 83 ਫੀਸਦੀ ਲੋਕ ਵਿਟਾਮਿਨ 'ਡੀ' ਦੀ ਅਤੇ 63 ਫੀਸਦੀ ਲੋਕ ਕੈਲਸ਼ੀਅਮ ਦੀ ਬਹੁਤ ਘੱਟ ਮਾਤਰਾ ਲੈ ਰਹੇ ਸਨ | ਉਨ੍ਹਾਂ ਦੀਆਂ ਕਮੀ ਨਾਲ ਹੱਡੀਆਂ ਕਮਜ਼ੋਰ ਹੋ ਗਈਆਂ ਸਨ ਅਤੇ ਔਸਟੀਓਪ੍ਰੋਸਿਸ ਜਾਂ ਹੱਡੀਆਂ ਟੁੱਟਣ ਦੀ ਸਮੱਸਿਆ ਪੈਦਾ ਹੋ ਗਈ | 
ਇਸ ਤੋਂ ਇਲਾਵਾ ਕੁਝ ਲੋਕਾਂ ਵਿਚ ਵਿਟਾਮਿਨ 'ਈ', ਮੈਗਨੀਸ਼ੀਅਮ, ਵਿਟਾਮਿਨ 'ਬੀ6', ਵਿਟਾਮਿਨ 'ਸੀ' ਅਤੇ ਜ਼ਿੰਕ ਦੀ ਕਮੀ ਵੀ ਦੇਖੀ ਗਈ | ਅਜਿਹੇ ਲੋਕਾਂ ਵਿਚ ਪੋਸ਼ਕ ਤੱਤਾਂ ਦੀ ਵਿਸ਼ੇਸ਼ ਤੌਰ 'ਤੇ ਕਮੀ ਦੇਖੀ ਗਈ, ਜੋ ਸੀਮਤ ਭੋਜਨ ਪਦਾਰਥ ਖਾਂਦੇ ਸਨ | ਇਸ ਦੀ ਰਿਪੋਰਟ ਵਿਚ ਮਾਹਿਰਾਂ ਨੇ ਸਲਾਹ ਦਿੱਤੀ ਕਿ ਵੱਡੀ ਉਮਰ ਦੇ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਭੋਜਨ ਪਦਾਰਥ ਖਾਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ, ਖਾਸ ਤੌਰ 'ਤੇ ਪੋਸ਼ਕ ਤੱਤਾਂ ਨਾਲ ਭਰਪੂਰ ਫਲ, ਸਬਜ਼ੀਆਂ, ਅਨਾਜ ਆਦਿ ਖਾਣ ਲਈ ਕਿਹਾ ਜਾਣਾ ਚਾਹੀਦਾ ਹੈ | 
ਇਸ ਵਿਸ਼ੇ ਵਿਚ ਇਕ ਹੋਰ ਖੋਜ ਵਿਚ ਡਾਕਟਰ ਚੰਦਰਾ ਪਹਿਲਾਂ ਹੀ ਦਿਖਾ ਚੁੱਕੇ ਹਨ ਕਿ ਨਿਊਟ੍ਰੀਸ਼ੀਅਨ ਸਪਲੀਮੈਂਟ ਲੈਣ ਨਾਲ ਸਰੀਰ ਦੀ ਬਿਮਾਰੀਆਂ ਨਾਲ ਮੁਕਾਬਲਾ ਕਰਨ ਦੀ ਸਮਰੱਥਾ ਆ ਜਾਂਦੀ ਹੈ, ਜਦੋਂ ਕਿ ਗੋਲੀਆਂ ਵਾਲਿਆਂ ਵਿਚ ਕੋਈ ਲਾਭ ਨਹੀਂ ਦੇਖਿਆ ਗਿਆ | ਉਨ੍ਹਾਂ ਇਹ ਪਾਇਆ ਕਿ ਸਪਲੀਮੈਂਟ ਲੈਣ ਵਾਲੇ ਲੋਕਾਂ ਦੀ ਸਾਲ ਵਿਚ ਲਗਭਗ 23 ਦਿਨ ਤਬੀਅਤ ਖਰਾਬ ਰਹੀ, ਜਦੋਂ ਕਿ ਗੋਲੀਆਂ ਲੈਣ ਵਾਲਿਆਂ ਦੀ ਤਬੀਅਤ ਲਗਭਗ 48 ਦਿਨ ਖਰਾਬ ਰਹੀ | ਇਸ ਲਈ ਇਹ ਜ਼ਰੂਰੀ ਹੈ ਕਿ ਡਾਕਟਰ ਦੀ ਸਲਾਹ ਨਾਲ ਕੋਈ ਨਿਊਟ੍ਰੀਸ਼ਨ ਸਪਲੀਮੈਂਟ ਜ਼ਰੂਰ ਲੈਂਦੇ ਰਹੋ | ਵਧੇਰੇ ਉਮਰ ਵਿਚ ਪੋਸ਼ਟਿਕ ਭੋਜਨ ਦੀ ਸਰੀਰ ਨੂੰ ਵਧੇਰੇ ਲੋੜ ਹੁੰਦੀ ਹੈ |

ਹੱਸਣਾ, ਲਾਭ ਹੀ ਲਾਭ

 

ਹੱਸਣਾ ਮਨੁੱਖ ਦੇ ਉਨ੍ਹਾਂ ਪ੍ਰਮੁੱਖ ਗੁਣਾਂ ਵਿਚੋਂ ਇਕ ਹੈ, ਜਿਨ੍ਹਾਂ ਨੂੰ ਸਹਿਜੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਪਰ ਸਹਿਜ ਹੀ ਇਸ ਨੂੰ ਛੱਡਿਆ ਨਹੀਂ ਜਾ ਸਕਦਾ | ਦੂਜਿਆਂ ਦੇ ਗ਼ਮ ਵਿਚ ਆਪਣੇ-ਆਪ ਨੂੰ ਸ਼ਾਮਿਲ ਕਰਨਾ ਅੱਜ ਦੇ ਜ਼ਮਾਨੇ ਵਿਚ ਜਿੰਨਾ ਮੁਸ਼ਕਿਲ ਕੰਮ ਹੈ, ਓਨਾ ਹੀ ਮੁਸ਼ਕਿਲ ਹੈ ਅੱਜ ਦੇ ਸਵਾਰਥ ਅਤੇ ਈਰਖਾ ਭਰਪੂਰ ਜੀਵਨ ਵਿਚ ਦੂਜਿਆਂ ਦੀ ਖੁਸ਼ੀ ਜਾਂ ਸਫ਼ਲਤਾ ਵਿਚ ਦਿਲੋਂ ਮੁਸਕਰਾਉਣਾ | 
ਅਸੀਂ ਆਪਣੇ ਜਾਣੂ ਲੋਕਾਂ ਦੀ ਹੋਣ ਵਾਲੀ ਉੱਨਤੀ ਅਤੇ ਉਨ੍ਹਾਂ ਦੀ ਪ੍ਰਸੰਨਤਾ ਵਿਚ ਕਿੰਨੇ ਮਨ ਤੋਂ ਸ਼ਾਮਿਲ ਹੁੰਦੇ ਹਾਂ, ਇਹ ਤਾਂ ਸਾਡਾ ਮਨ ਹੀ ਜਾਣਦਾ ਹੈ | ਅੰਤਰ-ਮਨ ਤੋਂ ਚਿਹਰੇ 'ਤੇ ਮੁਸਕਾਨ ਦੀ ਲਕੀਰ ਅੱਜ ਦੇ ਦੌਰ ਵਿਚ ਮਹੀਨੇ ਦੀ ਤਨਖਾਹ ਦੀ ਤਰ੍ਹਾਂ ਹੋ ਗਈ ਹੈ, ਜੋ ਲੰਮੇ ਇੰਤਜ਼ਾਰ ਦੇ ਬਾਅਦ ਇਕ ਦਿਨ ਲਈ ਆਉਂਦੀ ਹੈ ਅਤੇ ਦੂਜੇ ਦਿਨ ਗਾਇਬ ਹੋ ਜਾਂਦੀ ਹੈ | ਕੁਝ ਲੋਕ ਤਾਂ ਗੰਭੀਰ ਹੋਣ ਦਾ ਨਾਟਕ ਇਸ ਹੱਦ ਤੱਕ ਕਰਦੇ ਹਨ ਕਿ ਉਨ੍ਹਾਂ ਦੇ ਚਿਹਰੇ 'ਤੇ ਗੰਭੀਰਤਾ ਅਤੇ ਤਣਾਅ ਦੇ ਕਾਰਨ ਵਟ ਦਿਖਾਈ ਦੇਣ ਲਗਦੇ ਹਨ | ਉਨ੍ਹਾਂ ਦੇ ਲਈ ਮੁਸਕਰਾਉਣਾ ਅਤੇ ਹੱਸਣਾ ਕਿਸੇ ਨੂੰ ਉਧਾਰ ਦੇਣ ਦੀ ਦਰਦ ਜਾਂ ਜ਼ਖ਼ਮੀ ਕਰ ਜਾਂਦਾ ਹੈ | 
ਹੱਸਣਾ ਤਾਂ ਮਨੁੱਖ ਨੂੰ ਪਰਮਾਤਮਾ ਨੇ ਇਕ ਅਨਮੋਲ ਰਤਨ ਦਿੱਤਾ ਹੈ, ਜਿਸ ਨੇ ਵੀ ਇਸ ਰਤਨ ਨੂੰ ਜਿੰਨਾ ਬਿਖੇਰਿਆ, ਉਹ ਓਨਾ ਹੀ ਚਿੰਤਾਮੁਕਤ, ਹਰਮਨ-ਪਿਆਰਾ ਅਤੇ ਮੁਸ਼ਕਿਲ ਹਾਲਤਾਂ ਨੂੰ ਵੀ ਸਹਿਜਤਾ ਨਾਲ ਪਾਰ ਕਰ ਸਕਿਆ ਹੈ | ਬੱਚੇ ਦੀ ਮੁਸਕਾਨ ਵਿਚ ਤਾਂ ਰੱਬ ਦਾ ਵਾਸਾ ਹੁੰਦਾ ਹੈ | ਹੱਸਦਾ ਹੋਇਆ ਬਾਲਕ ਪੂਰੇ ਘਰ ਵਿਚ ਮਾਹੌਲ ਨੂੰ ਤਣਾਅਮੁਕਤ ਕਰ ਦਿੰਦਾ ਹੈ | ਅਣਜਾਣੇ ਵਿਚ ਵੱਡੇ ਤੋਂ ਵੱਡਾ ਨੁਕਸਾਨ ਕਰਨ ਤੋਂ ਬਾਅਦ ਬੱਚਾ, ਆਪਣੇ ਮਾਸੂਮ ਹਾਸੇ ਨਾਲ ਤੁਹਾਡੇ ਗੁੱਸੇ ਨੂੰ ਕਾਫੂਰ ਕਰ ਜਾਂਦਾ ਹੈ | 
ਇਹ ਇਕ ਅਜਿਹੀ ਕਲਾ ਹੈ, ਜੋ ਦਿਲ ਨੂੰ ਦਿਲ ਦੇ ਨਾਲ ਬਿਨਾਂ ਕਿਸੇ ਤਾਰ ਦੇ ਜੋੜ ਦਿੰਦੀ ਹੈ | ਮਈ-ਜੂਨ ਦੀ ਤਪਦੀ ਗਰਮੀ ਵਿਚ ਵੀ ਕੋਈ ਚੰਗਾ ਦਿ੍ਸ਼ ਦੇਖ ਕੇ ਮਨ ਖੁਸ਼ ਹੋ ਜਾਂਦਾ ਹੈ | ਮਨੁੱਖ ਨੇ ਰੱਬ ਦੀ ਦਿੱਤੀ ਹੋਈ ਹਰ ਚੀਜ਼ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਸ ਵਿਚ ਉਹ ਸਫ਼ਲ ਵੀ ਰਿਹਾ ਹੈ | ਪਰ ਮੁਸਕਾਨ ਨੂੰ ਉਹ ਕਿਸੇ ਰੰਗ, ਧਰਮ, ਜਾਤ ਵਿਚ ਸੀਮਤ ਨਹੀਂ ਕਰ ਸਕਿਆ |
ਵਿਗਿਆਨ ਦਾ ਵੀ ਇਹ ਮੰਨਣਾ ਹੈ ਕਿ ਜੀਵਨ ਨੂੰ ਤਣਾਅਮੁਕਤ ਰੱਖਣ ਲਈ ਮੁਸਕਰਾਉਣਾ ਅਤੇ ਹੱਸਣਾ ਚਾਹੀਦਾ ਹੈ | ਜੀਵਨ ਲਈ ਭੋਜਨ ਜਿੰਨਾ ਜ਼ਰੂਰੀ ਹੈ, ਤੰਦਰੁਸਤੀ ਲਈ ਹੱਸਣਾ ਵੀ ਓਨਾ ਹੀ ਲਾਜ਼ਮੀ ਹੈ | ਅਸੀਂ ਜਦੋਂ ਗੁੱਸਾ ਕਰਦੇ ਹਾਂ ਤਾਂ ਸਾਡੇ ਚਿਹਰੇ 'ਤੇ ਲਗਭਗ 34 ਮਾਸਪੇਸ਼ੀਆਂ ਨੂੰ ਕੰਮ ਕਰਨਾ ਪੈਂਦਾ ਹੈ ਪਰ ਮੁਸਕਰਾਉਣ ਵੇਲੇ ਸਿਰਫ 17 ਮਾਸਪੇਸ਼ੀਆਂ ਹੀ ਕੰਮ ਕਰਦੀਆਂ ਹਨ | ਇਸ ਲਈ ਹੱਸਣਾ ਗੁੱਸਾ ਕਰਨ ਤੋਂ ਵਧੇਰੇ ਆਸਾਨ ਅਤੇ ਲਾਭਦਾਇਕ ਹੈ | ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜ਼ਿੰਦਗੀ ਵਿਚ ਆਪਣੇ-ਆਪ ਨੂੰ ਹੱਸਮੁੱਖ ਬਣਾਈ ਰੱਖੋ |

 
 

ਪੇਟ ਦੀਆਂ ਬਿਮਾਰੀਆਂ ਭੁੱਖ ਕਿਉਂ ਮਰ ਜਾਂਦੀ ਹੈ?

 
 

ਜਦੋਂ ਤੱਕ ਕਿਸੇ ਇਨਸਾਨ ਨੂੰ ਪੂਰੀ ਨੀਂਦ ਤੇ ਠੀਕ ਭੁੱਖ ਲਗਦੀ ਹੈ, ਉਦੋਂ ਤੱਕ ਅਸੀਂ ਉਸ ਨੂੰ ਤੰਦਰੁਸਤ ਕਹਿੰਦੇ ਹਾਂ | ਜਦੋਂ ਵੀ ਸਾਡੇ ਸਰੀਰ ਵਿਚ ਤਕਲੀਫ ਸ਼ੁਰੂ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਸ ਦਾ ਅਸਰ ਸਾਡੀ ਭੁੱਖ 'ਤੇ ਪੈਂਦਾ ਹੈ | ਤਕਲੀਫ, ਬਿਮਾਰੀ ਦੇ ਨਾਲ-ਨਾਲ ਭੁੱਖ ਨਾ ਲੱਗਣ ਕਰਕੇ ਸਾਡੇ ਸਰੀਰ 'ਤੇ ਕਾਫੀ ਅਸਰ ਪੈਂਦਾ ਹੈ ਅਤੇ ਸਰੀਰ ਸੁਸਤ ਤੇ ਕਮਜ਼ੋਰ ਹੋ ਜਾਂਦਾ ਹੈ | ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਤੇ ਹਰ ਵੇਲੇ ਥਕਾਵਟ ਰਹਿੰਦੀ ਹੈ | ਅੱਜ ਅਸੀਂ ਭੁੱਖ ਨਾ ਲੱਗਣ ਦੇ ਕਾਰਨ ਤੇ ਉਹ ਕਿਹੜੀਆਂ ਬਿਮਾਰੀਆਂ ਹਨ, ਜਿਨ੍ਹਾਂ ਵਿਚ ਆਮ ਤੌਰ 'ਤੇ ਇਹ ਸ਼ਿਕਾਇਤ ਹੋ ਜਾਂਦੀ ਹੈ, ਬਾਰੇ ਵਿਚਾਰ ਕਰਾਂਗੇ |
ਬੁਖਾਰ : ਬੁਖਾਰ ਚਾਹੇ ਕਿਸੇ ਵੀ ਕਾਰਨ ਹੋਵੇ, ਉਸ ਦੀ ਪਹਿਲੀ ਨਿਸ਼ਾਨੀ ਇਹ ਹੁੰਦੀ ਹੈ ਕਿ ਮਰੀਜ਼ ਦੀ ਭੁੱਖ ਮਰ ਜਾਂਦੀ ਹੈ | ਕਈ ਵਾਰੀ ਤਾਂ ਮਰੀਜ਼ ਭੁੱਖ ਨਾ ਲੱਗਣਾ, ਮੰੂਹ ਦਾ ਸਵਾਦ ਖਰਾਬ, ਕੁਝ ਵੀ ਚੰਗਾ ਨਾ ਲੱਗਣਾ, ਦੀ ਸ਼ਿਕਾਇਤ ਨਾਲ ਹੀ ਡਾਕਟਰ ਕੋਲ ਆਉਂਦਾ ਹੈ | ਦੇਖਣ 'ਤੇ ਉਸ ਨੂੰ ਬੁਖਾਰ ਦੀ ਬਿਮਾਰੀ ਦਾ ਪਤਾ ਲਗਦਾ ਹੈ | 
ਟੀ. ਬੀ. : ਟੀ. ਬੀ. ਦੇ ਮਰੀਜ਼ ਨੂੰ ਸ਼ੁਰੂ ਵਿਚ ਹਲਕਾ-ਹਲਕਾ ਬੁਖਾਰ ਰਹਿੰਦਾ ਹੈ, ਭੁੱਖ ਘੱਟ ਲਗਦੀ ਹੈ ਤੇ ਹੌਲੀ-ਹੌਲੀ ਬੁਖਾਰ ਦੇ ਨਾਲ-ਨਾਲ ਸਰੀਰ ਦਾ ਭਾਰ ਵੀ ਘਟਣਾ ਸ਼ੁਰੂ ਹੋ ਜਾਂਦਾ ਹੈ | ਜਦੋਂ ਵੀ ਕਿਸੇ ਮਰੀਜ਼ ਨੂੰ ਲਗਾਤਾਰ ਖਾਂਸੀ, ਬੁਖਾਰ ਦੇ ਨਾਲ-ਨਾਲ ਭੁੱਖ ਘੱਟ ਲੱਗੇ ਤਾਂ ਇਕਦਮ ਐਕਸਰੇ ਕਰਵਾ ਲੈਣਾ ਚਾਹੀਦਾ ਹੈ | ਇਸ ਨਾਲ ਟੀ. ਬੀ. ਪਹਿਲੀ ਸਟੇਜ 'ਤੇ ਹੀ ਫੜੀ ਜਾਂਦੀ ਹੈ |
ਪੇਟ ਦਾ ਕੈਂਸਰ : ਪੇਟ ਜਾਂ ਅੰਤੜੀ ਦੇ ਕੈਂਸਰ ਵਿਚ ਮਰੀਜ਼ ਦਾ ਪੇਟ ਹਰ ਵੇਲੇ ਭਰਿਆ-ਭਰਿਆ ਰਹਿੰਦਾ ਹੈ | ਕੁਝ ਖਾਣ ਨੂੰ ਦਿਲ ਨਹੀਂ ਕਰਦਾ, ਪਰ ਖਾਣਾ ਖਾਣ ਵੇਲੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਪੇਟ ਇਕਦਮ ਭਰ ਗਿਆ ਹੋਵੇ | 
ਪੇਟ ਗੈਸ ਜਾਂ ਅਲਸਰ : ਪੇਟ ਗੈਸ ਵਿਚ ਭੁੱਖ ਨਾ ਲੱਗਣਾ ਇਕ ਲੱਛਣ ਹੈ ਤੇ ਪੋਪਟਿਕ ਅਲਸਰ ਵਿਚ ਖਾਣਾ ਖਾਣ ਨਾਲ ਦਰਦ ਵਧਣ ਦੇ ਡਰ ਕਾਰਨ ਖਾਣਾ ਖਾਣ ਨੂੰ ਮਰੀਜ਼ ਦਾ ਦਿਲ ਨਹੀਂ ਕਰਦਾ, ਹਰ ਵੇਲੇ ਮੰੂਹ ਵਿਚ ਪਾਣੀ ਭਰਿਆ ਰਹਿੰਦਾ ਹੈ | 
ਪੀਲੀਆ : ਪੀਲੀਏ ਵਿਚ ਮਰੀਜ਼ ਦੀ ਭੁੱਖ ਇਕਦਮ ਮਰ ਜਾਂਦੀ ਹੈ | ਕੁਝ ਖਾਣ ਨੂੰ ਦਿਲ ਨਹੀਂ ਕਰਦਾ ਤੇ ਕਦੀ-ਕਦੀ ਤਾਂ ਰੋਟੀ ਨੂੰ ਦੇਖਣ ਨਾਲ ਹੀ ਮਰੀਜ਼ ਦਾ ਦਿਲ ਘਬਰਾਉਣਾ ਸ਼ੁਰੂ ਹੋ ਜਾਂਦਾ ਹੈ ਜਾਂ ਉਲਟੀ ਆ ਜਾਂਦੀ ਹੈ |
ਲੜਕੀਆਂ ਵਿਚ : 13 ਤੋਂ 18 ਸਾਲ ਦੀ ਉਮਰ ਤੱਕ ਦੀਆਂ ਲੜਕੀਆਂ ਵਿਚ ਮਾਹਵਾਰੀ ਆਉਣ ਵੇਲੇ ਦਰਦ ਹੋਣ ਕਰਕੇ ਨਿਰਾਸ਼ ਹੋਣ ਕਰਕੇ ਭੁੱਖ ਘੱਟ ਲਗਦੀ ਹੈ | ਹਰ ਵੇਲੇ ਹਲਕੀ-ਹਲਕੀ ਦਰਦ ਰਹਿੰਦੀ ਹੈ ਤੇ ਕਈ ਵਾਰ ਪ੍ਰੇਸ਼ਾਨੀ ਨਾਲ ਉਲਟੀ ਵੀ ਆ ਜਾਂਦੀ ਹੈ | ਜਦੋਂ ਸਾਡੇ ਦਿਮਾਗ 'ਤੇ ਥੋੜ੍ਹਾ ਜਿਹਾ ਵੀ ਬੋਝ ਹੁੰਦਾ ਹੈ ਤਾਂ ਉਸ ਦਾ ਸਿੱਧਾ ਅਸਰ ਸਾਡੀ ਭੁੱਖ 'ਤੇ ਪੈਂਦਾ ਹੈ ਤੇ ਭੁੱਖ ਇਕਦਮ ਮਰ ਜਾਂਦੀ ਹੈ | 
ਨੋਟ : ਬੱਚਿਆਂ ਵਿਚ ਭੁੱਖ ਨਾ ਲੱਗਣਾ ਇਕ ਆਮ ਜਿਹੀ ਗੱਲ ਹੈ | ਕਈ ਬੱਚੇ ਸਕੂਲ ਜਾਣ ਲੱਗੇ ਕੁਝ ਨਹੀਂ ਖਾਂਦੇ | ਸਾਨੂੰ ਇਸ ਨੂੰ ਹਲਕੇ ਤੌਰ 'ਤੇ ਨਹੀਂ ਲੈਣਾ ਚਾਹੀਦਾ | ਬੱਚੇ ਦੇ ਪੇਟ ਵਿਚ ਕੀੜੇ ਜਾਂ ਅੰਤੜੀ ਵਿਚ ਹਲਕੀ ਸੋਜ਼ ਕਾਰਨ ਸਵੇਰੇ-ਸਵੇਰੇ ਹਲਕੀ-ਹਲਕੀ ਦਰਦ ਰਹਿੰਦੀ ਹੈ | ਬੱਚਾ ਡਰ ਦੇ ਨਾਲ ਹੀ ਕੁਝ ਨਹੀਂ ਖਾਂਦਾ ਕਿ ਕਿਧਰੇ ਦਰਦ ਵਧ ਨਾ ਜਾਵੇ ਤੇ ਸਕੂਲ ਵਿਚ ਤਕਲੀਫ ਨਾ ਹੋਵੇ | ਇਸ ਹਾਲਤ ਵਿਚ ਜਲਦੀ ਹੀ ਪੇਟ ਦੇ ਮਾਹਿਰ ਡਾਕਟਰ ਦੀ ਸਲਾਹ ਲਓ |